ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਪਏ ਬਿਮਾਰ
ਮੁੰਬਈ : ਮਹਾਰਾਸ਼ਟਰ ’ਚ ਨਵੀਂ ਮਹਾਯੁਤੀ ਸਰਕਾਰ 5 ਦਸੰਬਰ ਦੀ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ’ਚ ਮੁੰਬਈ ਦੇ ਆਜ਼ਾਦ ਮੈਦਾਨ ’ਚ ਸਹੁੰ ਚੁੱਕੇਗੀ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੂਬਾ ਇਕਾਈ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਹਾਲਾਂਕਿ ਅਜੇ ਇਹ ਐਲਾਨ ਨਹੀਂ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਕੌਣ ਹੋਵੇਗਾ, ਪਰ ਭਾਜਪਾ ਸੂਤਰਾਂ ਨੇ ਕਿਹਾ ਕਿ ਦੇਵੇਂਦਰ ਫੜਨਵੀਸ ਚੋਟੀ ਦੇ ਅਹੁਦੇ ਲਈ ਸੱਭ ਤੋਂ ਅੱਗੇ ਹਨ। ਉਹ ਦੋ ਵਾਰ ਮੁੱਖ ਮੰਤਰੀ ਰਹਿ ਚੁਕੇ ਹਨ ਅਤੇ ਪਿਛਲੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ’ਚ ਉਪ ਮੁੱਖ ਮੰਤਰੀ ਰਹੇ ਸਨ।
ਕਾਰਜਕਾਰੀ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਸ਼ਿੰਦੇ ਇਕ ਦਿਨ ਪਹਿਲਾਂ ਹੀ ਅਪਣੇ ਜੱਦੀ ਪਿੰਡ ਚਲੇ ਗਏ ਸਨ, ਜਦ ਕਿਆਸੇ ਲਗਾਏ ਜਾ ਰਹੇ ਸਨ ਕਿ ਉਹ ਨਵੀਂ ਸਰਕਾਰ ਦੇ ਰੂਪ ਤੋਂ ਖੁਸ਼ ਨਹੀਂ ਹਨ।
ਸੂਬਾ ਭਾਜਪਾ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਸਨਿਚਰਵਾਰ ਸ਼ਾਮ ਨੂੰ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਮਹਾਰਾਸ਼ਟਰ ’ਚ ਮਹਾਯੁਤੀ ਸਰਕਾਰ ਦਾ ਸਹੁੰ ਚੁੱਕ ਸਮਾਰੋਹ 5 ਦਸੰਬਰ, 2024 ਨੂੰ ਸ਼ਾਮ 5 ਵਜੇ ਮੁੰਬਈ ਦੇ ਆਜ਼ਾਦ ਮੈਦਾਨ ’ਚ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ’ਚ ਹੋਵੇਗਾ।
ਸਤਾਰਾ ਜ਼ਿਲ੍ਹੇ ਦੇ ਰਹਿਣ ਵਾਲੇ ਸ਼ਿਵ ਸੈਨਾ ਆਗੂ ਸ਼ੰਭੂਰਾਜ ਦੇਸਾਈ ਨੇ ਪੱਤਰਕਾਰਾਂ ਨੂੰ ਕਿਹਾ ਕਿ ਸ਼ਿੰਦੇ ਅਤੇ ਪਾਰਟੀ ਦੇ ਹੋਰ ਆਗੂ ਭਾਜਪਾ ਨਾਲ ਸਿਖਰਲੇ ਆਗੂਆਂ ਨਾਲ ਮੁਲਾਕਾਤ ਕਰ ਕੇ ਸ਼ੁਕਰਵਾਰ ਤੜਕੇ ਦਿੱਲੀ ਤੋਂ ਪਰਤੇ, ਉਦੋਂ ਤੋਂ ਕਾਰਜਕਾਰੀ ਮੁੱਖ ਮੰਤਰੀ ਨੂੰ ਖਾਂਸੀ ਅਤੇ ਜ਼ੁਕਾਮ ਦੀ ਸ਼ਿਕਾਇਤ ਹੈ। ਦੇਸਾਈ ਨੇ ਕਿਹਾ, ‘‘ਸ਼ਿੰਦੇ ’ਤੇ ਕੰਮ ਦਾ ਬੋਝ ਵਧ ਗਿਆ ਹੈ, ਇਸ ਲਈ ਅਸੀਂ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿਤੀ ਹੈ।’’