
12 ਕੈਬਨਿਟ ਅਤੇ 10 ਰਾਜ ਮੰਤਰੀ ਸ਼ਾਮਲ, ਚੁਣੇ ਜਾਣ ਤੋਂ ਪਹਿਲਾਂ ਹੀ ਮੰਤਰੀ ਬਣੇ ਸੁਰਿੰਦਰਪਾਲ ਸਿੰਘ ਟੀਟੀ
ਜੈਪੁਰ: ਰਾਜਸਥਾਨ ’ਚ ਕੈਬਨਿਟ ਦਾ ਵਿਸਤਾਰ ਸਨਿਚਰਵਾਰ ਨੂੰ ਹੋਇਆ, ਜਿਸ ’ਚ 12 ਕੈਬਨਿਟ ਮੰਤਰੀ ਅਤੇ 10 ਰਾਜ ਮੰਤਰੀ ਸ਼ਾਮਲ ਕੀਤੇ ਗਏ। ਇਨ੍ਹਾਂ ’ਚੋਂ 5 ਰਾਜ ਮੰਤਰੀ (ਸੁਤੰਤਰ ਚਾਰਜ) ਹਨ। ਇਸ ਦੇ ਨਾਲ ਹੀ ਕੈਬਨਿਟ ’ਚ ਮੁੱਖ ਮੰਤਰੀ ਅਤੇ ਦੋ ਉਪ ਮੁੱਖ ਮੰਤਰੀਆਂ ਸਮੇਤ ਮੰਤਰੀਆਂ ਦੀ ਕੁਲ ਗਿਣਤੀ 25 ਹੋ ਗਈ ਹੈ। ਇਨ੍ਹਾਂ ’ਚੋਂ 20 ਪਹਿਲੀ ਵਾਰ ਮੰਤਰੀ ਬਣੇ ਹਨ।
ਇਸ ਨਵੇਂ ਬਣੇ ਮੰਤਰੀ ਮੰਡਲ ਦੇ ਇਸ ਵਿਸਤਾਰ ’ਚ ਨੌਜੁਆਨ ਅਤੇ ਤਜਰਬੇਕਾਰ ਵਿਧਾਇਕਾਂ ਦਾ ਮਿਸ਼ਰਣ ਨਜ਼ਰ ਆ ਰਿਹਾ ਹੈ। ਰਾਜਵਰਧਨ ਸਿੰਘ ਰਾਠੌਰ ਅਤੇ ਕਿਰੋੜੀਲਾਲ ਮੀਨਾ ਉਨ੍ਹਾਂ ਵਿਧਾਇਕਾਂ ’ਚ ਸ਼ਾਮਲ ਸਨ ਜਿਨ੍ਹਾਂ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁਕੀ। ਰਾਜਪਾਲ ਕਲਰਾਜ ਮਿਸ਼ਰਾ ਨੇ ਰਾਜ ਭਵਨ ਵਿਖੇ ਵਿਧਾਇਕਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ।
ਸੱਤਾਧਾਰੀ ਭਾਜਪਾ ਨੇ ਕਰਨਪੁਰ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਅਪਣੇ ਉਮੀਦਵਾਰ ਸੁਰਿੰਦਰਪਾਲ ਸਿੰਘ ਟੀਟੀ ਨੂੰ ਰਾਜ ਮੰਤਰੀ (ਸੁਤੰਤਰ ਚਾਰਜ) ਨਿਯੁਕਤ ਕੀਤਾ ਹੈ। ਇਸ ਹਲਕੇ ’ਚ 5 ਜਨਵਰੀ ਨੂੰ ਵੋਟਾਂ ਪੈਣਗੀਆਂ। ਕਾਂਗਰਸ ਨੇ ਇਸ ਲਈ ਭਾਜਪਾ ਦੀ ਆਲੋਚਨਾ ਕੀਤੀ ਹੈ।
ਨਵੇਂ ਨਿਯੁਕਤ ਕੈਬਨਿਟ ਮੰਤਰੀਆਂ ’ਚ ਕਿਰੋੜੀ ਲਾਲ ਮੀਨਾ, ਗਜੇਂਦਰ ਸਿੰਘ ਖਿੰਵਸਰ, ਰਾਜਵਰਧਨ ਸਿੰਘ ਰਾਠੌਰ, ਬਾਬੂਲਾਲ ਖਰਾਡੀ, ਮਦਨ ਦਿਲਾਵਰ, ਜੋਗਾਰਾਮ ਪਟੇਲ, ਸੁਰੇਸ਼ ਸਿੰਘ ਰਾਵਤ, ਅਵਿਨਾਸ਼ ਗਹਿਲੋਤ, ਜੋਰਾਰਾਮ ਕੁਮਾਵਤ, ਹੇਮੰਤ ਮੀਨਾ, ਕਨ੍ਹਈਆ ਲਾਲ ਚੌਧਰੀ ਅਤੇ ਸੁਮਿਤ ਗੋਦਾਰਾ ਸ਼ਾਮਲ ਹਨ।
ਸੰਜੇ ਸ਼ਰਮਾ, ਗੌਤਮ ਕੁਮਾਰ, ਝੱਬਰ ਸਿੰਘ ਖਾਰਾ, ਸੁਰਿੰਦਰ ਪਾਲ ਟੀਟੀ ਅਤੇ ਹੀਰਾਲਾਲ ਨਾਗਰ ਨੇ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਸਹੁੰ ਚੁਕੀ। ਓਟਾਰਾਮ ਦੇਵਾਸੀ, ਮੰਜੂ ਬਾਗਮਾਰ, ਵਿਜੇ ਸਿੰਘ ਚੌਧਰੀ, ਕੇ ਕੇ ਬਿਸ਼ਨੋਈ ਅਤੇ ਜਵਾਹਰ ਸਿੰਘ ਬੇਧਮ ਨੇ ਰਾਜ ਮੰਤਰੀ ਵਜੋਂ ਸਹੁੰ ਚੁਕੀ।
ਕਾਂਗਰਸ ਉਮੀਦਵਾਰ ਗੁਰਮੀਤ ਸਿੰਘ ਕੁੰਨਰ ਦੀ ਮੌਤ ਤੋਂ ਬਾਅਦ ਕਰਨਪੁਰ ’ਚ ਚੋਣਾਂ ਮੁਲਤਵੀ ਕਰ ਦਿਤੀਆਂ ਗਈਆਂ ਸਨ। ਇਸ ਹਲਕੇ ’ਚ ਹੁਣ 5 ਜਨਵਰੀ ਨੂੰ ਵੋਟਾਂ ਪੈਣਗੀਆਂ। ਸਾਬਕਾ ਮੰਤਰੀ ਸੁਰਿੰਦਰਪਾਲ ਟੀਟੀ ਭਾਜਪਾ ਦੇ ਉਮੀਦਵਾਰ ਹਨ ਜਦਕਿ ਕਾਂਗਰਸ ਨੇ ਕੁੰਨਾਰ ਦੇ ਬੇਟੇ ਰੁਪਿੰਦਰ ਸਿੰਘ ਨੂੰ ਮੈਦਾਨ ’ਚ ਉਤਾਰਿਆ ਹੈ।
ਕਾਂਗਰਸ ਨੇ ਮੰਤਰੀ ਬਣਾਏ ਜਾਣ ਲਈ ਟੀਟੀ ਦੀ ਆਲੋਚਨਾ ਕੀਤੀ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਨੇ ਕਿਹਾ ਕਿ ਪਾਰਟੀ ਇਹ ਮਾਮਲਾ ਚੋਣ ਕਮਿਸ਼ਨ ਦੇ ਧਿਆਨ ’ਚ ਲਿਆਏਗੀ ਅਤੇ ਕਾਰਵਾਈ ਦੀ ਮੰਗ ਕਰੇਗੀ।