
ਕਾਂਗਰਸ ਨੇ ਕਿਹਾ ਅਚਾਨਕ ਬ੍ਰੇਕ ਲੱਗਣ ਕਾਰਨ ਟੁਟਿਆ ਸ਼ੀਸ਼ਾ
Bharat Jodo Nyay Yatra:ਪਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ’ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਂ ਯਾਤਰਾ’ ਦੌਰਾਨ ਬੁਧਵਾਰ ਨੂੰ ਰਾਹੁਲ ਗਾਂਧੀ ਦੀ ਕਾਰ ਦਾ ਸ਼ੀਸ਼ਾ ਟੁੱਟ ਜਾਣ ਦੀ ਘਟਨਾ ਵਿਚਕਾਰ ਪਛਮੀ ਬੰਗਾਲ ਕਾਂਗਰਸ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਦਾਅਵਾ ਕੀਤਾ ਉਨ੍ਹਾਂ ਦੀ ਕਾਰ ’ਤੇ ਪੱਥਰਬਾਜ਼ੀ ਕੀਤੀ ਗਈ ਸੀ। ਹਾਲਾਂਕਿ ਪਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਹਮਲਾ ਪਛਮੀ ਬੰਗਾਲ ’ਚ ਹੋਇਆ। ਉਨ੍ਹਾਂ ਕਿਹਾ ਕਿ ਇਹ ਹਮਲਾ ਬਿਹਾਰ ਦੇ ਕਟਿਹਾਰ ’ਚ ਹੋਇਆ ਸੀ।
ਬਾਅਦ ’ਚ ਕਾਂਗਰਸ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ ਕਿ ਇਹ ਘਟਨਾ ਰਾਹੁਲ ਗਾਂਧੀ ਦੀ ਕਾਰ ਸਾਹਮਣੇ ਇਕ ਔਰਤ ਦੇ ਅਚਾਨਕ ਆ ਜਾਣ ’ਤੇ ਬ੍ਰੇਕ ਲਾਉਣ ਕਾਰਨ ਟੁਟਿਆ। ਇਸ ਘਟਨਾ ’ਚ ਗੱਡੀ ਦੀ ਪਿਛਲੀ ਖਿੜਕੀ ਦੇ ਸ਼ੀਸ਼ੇ ਟੁੱਟ ਗਏ ਪਰ ਰਾਹੁਲ ਗਾਂਧੀ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ।
ਟੈਲੀਵਿਜ਼ਨ ’ਤੇ ਵਿਖਾਏ ਦ੍ਰਿਸ਼ਾਂ ਵਿਚ ਗਾਂਧੀ ਨਿਰਧਾਰਤ ਪੜਾਅ ’ਤੇ ਪਹੁੰਚਣ ਤੋਂ ਬਾਅਦ ਗੱਡੀ ਤੋਂ ਉਤਰਦੇ ਅਤੇ ਨੁਕਸਾਨੇ ਗਏ ਖਿੜਕੀਆਂ ਦੇ ਸ਼ੀਸ਼ਿਆਂ ਨੂੰ ਵੇਖਦੇ ਵਿਖਾਈ ਦਿਤੇ। ਸੂਬਾ ਕਾਂਗਰਸ ਨੇ ਦਾਅਵਾ ਕੀਤਾ ਕਿ ਇਹ ਹਮਲਾ ਮਾਲਦਾ ਦੇ ਹਰੀਸ਼ਚੰਦਰਪੁਰ ਇਲਾਕੇ ’ਚ ਉਸ ਸਮੇਂ ਹੋਇਆ ਜਦੋਂ ਯਾਤਰਾ ਬਿਹਾਰ ਤੋਂ ਪਛਮੀ ਬੰਗਾਲ ’ਚ ਮੁੜ ਦਾਖਲ ਹੋਈ। ਚੌਧਰੀ ਨੇ ਕਿਹਾ, ‘‘ਪੱਥਰ ਸੁੱਟੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਜਿਸ ਗੱਡੀ ’ਚ ਸਵਾਰ ਸਨ, ਉਸ ਦੀ ਪਿਛਲੀ ਖਿੜਕੀ ਦੇ ਸ਼ੀਸ਼ੇ ਟੁੱਟ ਗਏ। ਅਜਿਹੀਆਂ ਕਾਰਵਾਈਆਂ ਸਵੀਕਾਰ ਨਹੀਂ ਕੀਤੀਆਂ ਜਾ ਸਕਦੀਆਂ।’’
ਉਧਰ ਮਮਤਾ ਬੈਨਰਜੀ ਨੇ ਕਿਹਾ, ‘‘ਮੈਨੂੰ ਸੰਦੇਸ਼ ਮਿਲਿਆ ਕਿ ਰਾਹੁਲ ਗਾਂਧੀ ਦੀ ਕਾਰ ’ਤੇ ਪੱਥਰਬਾਜ਼ੀ ਹੋਈ। ਮੈਂ ਪਤਾ ਕੀਤਾ ਕਿ ਅਸਲ ’ਚ ਕੀ ਹੋਇਆ। ਤਾਂ ਮੈਂ ਵੇਖਿਆ ਕਿ ਇਹ ਘਟਨਾ ਬੰਗਾਲ ’ਚ ਨਹੀਂ ਬਲਕਿ ਕਟਿਹਾਰ ’ਚ ਹੋਈ ਜਦੋਂ ਉਹ ਕਾਰ ਬੰਗਾਲ ਆਈ ਤਾਂ ਉਸ ਦਾ ਸ਼ੀਸ਼ਾ ਪਹਿਲਾਂ ਹੀ ਟੁੱਟ ਹੋਇਆ ਸੀ। ਮੈਂ ਇਸ ਘਟਨਾ ਦੀ ਨਿੰਦਾ ਕਰਦੀ ਹਾਂ। ਇਹ ਕੁੱਝ ਨਹੀਂ ਬਲਕਿ ਡਰਾਮਾ ਹੈ।’’ ਹਾਲਾਂਕਿ ਕਾਂਗਰਸ ਨੇ ਕਿਹਾ ਕਿ ਘਟਨਾ ਮਾਲਦਾ ’ਚ ਹੋਈ ਪਰ ਅਚਾਨਕ ਬ੍ਰੇਕ ਲੱਗਣ ਕਾਰਨ ਸੁਰਖਿਆ ਘੇਰੇ ’ਚ ਪ੍ਰਯੋਗ ਕੀਤੇ ਜਾਣ ਵਾਲੇ ਰੱਸੇ ਨਾਲ ਕਾਰ ਦਾ ਪਿਛਲਾ ਹਿੱਸਾ ਟਕਰਾ ਕੇ ਟੁੱਟ ਗਿਆ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
(For more Punjabi news apart from Rahul Gandhi's car 'pelted with stones' during Congress yatra in Bengal: Adhir Ranjan Chowdhury, stay tuned to Rozana Spokesman)