
ਕੋਟਕਪੂਰਾ, 2 ਅਗੱਸਤ (ਗੁਰਿੰਦਰ ਸਿੰਘ): ਜੈਤੋ ਦੇ ਵਪਾਰੀ ਦੀ ਗੈਂਗਸਟਰਾਂ ਵਲੋਂ ਦਿਨ ਦਿਹਾੜੇ ਕੀਤੀ ਹਤਿਆ ਦੇ ਮਾਮਲੇ 'ਚ ਦਿਨੋ ਦਿਨ ਨਵਾਂ ਮੌੜ ਆ ਰਿਹਾ ਹੈ।
ਕੋਟਕਪੂਰਾ, 2 ਅਗੱਸਤ (ਗੁਰਿੰਦਰ ਸਿੰਘ): ਜੈਤੋ ਦੇ ਵਪਾਰੀ ਦੀ ਗੈਂਗਸਟਰਾਂ ਵਲੋਂ ਦਿਨ ਦਿਹਾੜੇ ਕੀਤੀ ਹਤਿਆ ਦੇ ਮਾਮਲੇ 'ਚ ਦਿਨੋ ਦਿਨ ਨਵਾਂ ਮੌੜ ਆ ਰਿਹਾ ਹੈ। ਇਕ ਪਾਸੇ ਪੁਲਿਸ ਨੇ ਸ਼ਾਂਤੀ ਭੰਗ ਦੇ ਸ਼ੱਕ 'ਚ ਕਤਲ ਨਾਲ ਸਬੰਧਤ ਬਹਿਬਲ ਕਲਾਂ ਦੇ ਵਸਨੀਕ ਸਿੰਮਾ ਸੇਖੋਂ ਦੇ 15 ਰਿਸ਼ਤੇਦਾਰਾਂ ਨੂੰ ਵੱਖ-ਵੱਖ ਧਰਾਵਾਂ ਤਹਿਤ ਜੇਲ ਭੇਜ ਦਿਤਾ ਹੈ ਤੇ ਦੂਜੇ ਪਾਸੇ ਸਿੰਮਾ ਸੇਖੋਂ ਨੇ ਅਪਣੀ ਫ਼ੇਸਬੁਕ ਰਾਹੀਂ ਵਪਾਰੀ ਪੱਪੂ ਕੋਛੜ ਨੂੰ ਮਾਰਨ ਦੀ ਜ਼ਿੰਮੇਵਾਰੀ ਲੈਂਦਿਆਂ ਚੇਤਾਵਨੀ ਦਿਤੀ ਹੈ ਕਿ ਇਸ ਮਾਮਲੇ 'ਚ ਨਿਰਦੋਸ਼ ਵਿਅਕਤੀਆਂ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ।
ਸ਼ੈਲਰ ਮਾਲਕ ਰਵਿੰਦਰ ਕੋਛੜ ਉਰਫ਼ ਪੱਪੂ ਦੇ ਕਤਲ ਦੇ ਮਾਮਲੇ 'ਚ ਨਾਮਜ਼ਦ ਹਰਸਿਮਰਨਦੀਪ ਸਿੰਘ ਉਰਫ਼ ਸਿੰਮਾ ਸੇਖੋਂ ਉਰਫ਼ ਸਿੰਮਾ ਬਹਿਬਲ ਨੇ ਅਪਣੀ ਫ਼ੇਸਬੁਕ ਰਾਹੀਂ ਪੁਲਿਸ ਨੂੰ ਖੁੱਲ੍ਹੀ ਚੁਨੌਤੀ ਦਿੰਦਿਆਂ ਜਿਥੇ ਕਤਲ ਕਰਨ ਦੀ ਘਟਨਾ ਨੂੰ ਅੰਜ਼ਾਮ ਦੇਣ ਦੀ ਜ਼ਿੰਮੇਵਾਰੀ ਲਈ ਹੈ, ਉਥੇ ਦਾਅਵਾ ਕੀਤਾ ਹੈ ਕਿ ਉਸ ਨੇ ਉਕਤ ਕਤਲ ਪੈਸੇ ਜਾਂ ਫਿਰੋਤੀ ਲਈ ਨਹੀਂ ਬਲਕਿ ਅਪਣੇ ਸਾਥੀ ਬੰਟੀ ਢਿੱਲੋਂ ਨਾਲ ਵਿਵਾਦ ਕਾਰਨ ਕੀਤਾ ਹੈ। ਪੁਲਿਸ ਦਾ ਸਾਇਬਰ ਸੈੱਲ ਮਾਮਲੇ ਦੀ ਜਾਂਚ 'ਚ ਲੱਗ ਗਿਆ ਹੈ।
ਜ਼ਿਕਰਯੋਗ ਹੈ ਕਿ ਮਿਤੀ 29 ਜੁਲਾਈ ਦਿਨ ਸਨਿਚਰਵਾਰ ਨੂੰ ਦਿਨ ਦਿਹਾੜੇ ਉਦਯੋਗਪਤੀ ਪੱਪੂ ਕੋਛੜ ਨੂੰ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ ਅਤੇ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਰਾਹੀਂ ਸ਼ਨਾਖ਼ਤ ਕਰਨ ਤੋਂ ਬਾਅਦ ਸਿੰਮਾ ਬਹਿਬਲ ਤੇ ਉਸ ਦੇ ਸਾਥੀ ਨੂੰ ਨਾਮਜ਼ਦ ਕੀਤਾ। ਘਟਨਾ ਦੇ ਅਗਲੇ ਦਿਨ ਗੈਂਗ ਦੇ ਮੁਖੀ ਗੁਰਬਖ਼ਸ਼ ਸਿੰਘ ਸੇਵੇਵਾਲਾ ਅਤੇ ਸਿੰਮਾ ਬਹਿਬਲ ਦੇ 15 ਕਰੀਬੀ ਰਿਸ਼ਤੇਦਾਰਾਂ ਨੂੰ ਪਨਾਹ ਦੇਣ ਦੇ ਦੋਸ਼ 'ਚ ਆਈਪੀਸੀ ਦੀ ਧਾਰਾ 212/216 ਤਹਿਤ ਕਾਬੂ ਕਰ ਕੇ ਜ਼ਮਾਨਤ ਦੇਣ ਤੋਂ ਬਾਅਦ ਸ਼ਾਂਤੀ ਭੰਗ ਹੋਣ ਦੇ ਸ਼ੱਕ 'ਚ ਸੀਆਰਪੀਸੀ ਦੀ ਧਾਰਾ 107/151 ਤਹਿਤ ਗ੍ਰਿਫ਼ਤਾਰ ਕਰ ਕੇ 7 ਦਿਨਾਂ ਲਈ ਜੇਲ ਭੇਜ ਦਿਤਾ। ਪੁਲਿਸ ਵਲੋਂ ਗੈਂਗਸਟਰਾਂ ਦੇ ਕਰੀਬੀ ਰਿਸ਼ਤੇਦਾਰਾਂ ਤੋਂ ਇਲਾਵਾ ਮੋਗਾ, ਬਠਿੰਡਾ, ਗਿੱਦੜਬਾਹਾ ਸਮੇਤ ਹੋਰ ਥਾਵਾਂ 'ਤੇ ਵੀ ਗੈਂਗਸਟਰਾਂ ਦੇ ਸਾਥੀਆਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਕਾਬੂ ਕਰਨ ਦਾ ਸਿਲਸਿਲਾ ਜਾਰੀ ਹੈ।
ਸਿੰਮਾ ਬਹਿਬਲ ਨੇ ਅਪਣੇ ਫ਼ੇਸਬੁਕ ਪੰਨ੍ਹੇ 'ਤੇ ਪਾਈ ਪੋਸਟ ਰਾਹੀਂ ਵਪਾਰੀ ਦੇ ਕਤਲ ਨੂੰ ਪੈਸਾ ਮੰਗਣ ਜਾਂ ਫਿਰੋਤੀ ਵਸੂਲਣ ਨਾਲ ਜੋੜਨ ਵਾਲਿਆਂ ਨੂੰ ਆਖਿਆ ਹੈ ਕਿ ਉਹ ਕੋਈ ਵੀ ਕੰਮ ਪੈਸੇ ਲਈ ਨਹੀਂ ਕਰਦੇ ਤੇ ਨਾ ਹੀ ਉਨ੍ਹਾਂ ਨੂੰ ਪੈਸੇ ਦੀ ਕੋਈ ਭੁੱਖ ਹੈ। ਸਿੰਮਾ ਬਹਿਬਲ ਅਨੁਸਾਰ ਪੱਪੂ ਕੋਛੜ ਦਾ ਸਾਡੇ ਸਾਥੀ ਬੰਟੀ ਨਾਲ ਵਿਵਾਦ ਸੀ ਤੇ ਬੰਟੀ ਨੇ ਜਿਊਂਦੇ ਜੀਅ ਪੱਪੂ ਕੋਛੜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦਾ ਆਦਮੀ ਹੋਣ ਦੀ ਵਜਾ ਕਰ ਕੇ ਪੱਪੂ ਸਾਡੇ ਵਿਰੁਧ ਬੋਲਦਾ ਸੀ।
ਸਿੰਮਾ ਬਹਿਬਲ ਨੇ ਅਪਣੇ 15 ਰਿਸ਼ਤੇਦਾਰਾਂ ਦੇ ਨਾਜਾਇਜ਼ ਕੇਸ 'ਚ ਫੜੇ ਜਾਣ ਬਦਲੇ ਪੁਲਿਸ 'ਤੇ ਦੋਸ਼ ਲਾਏ ਹਨ, ਨਾਲ ਹੀ ਵਿਰੋਧੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਅਪਣੇ ਸਾਥੀਆਂ ਦੇ ਅਧੂਰੇ ਕੰਮਾਂ ਨੂੰ ਜ਼ਰੂਰ ਪੂਰਾ ਕਰੇਗਾ ਅਤੇ ਸਾਰਿਆਂ ਦਾ ਇਹੀ ਹਾਲ ਕੀਤਾ ਜਾਵੇਗਾ, ਸਾਰੇ ਤਿਆਰ ਰਹਿਣ, ਨੰਬਰ ਲੱਗੂਗਾ, ਲਿਸਟ ਬਹੁਤ ਲੰਮੀ ਹੈ। ਪੋਸਟ ਦੇ ਅਖ਼ੀਰ 'ਚ ਸਿੰਮਾ ਨੇ ਦੇਖੋ ਤੇ ਇੰਤਜ਼ਾਰ ਕਰੋ ਲਿਖਣ ਦੇ ਨਾਲ-ਨਾਲ ਦਵਿੰਦਰ ਬੰਬੀਹਾ ਗਰੁਪ ਦਾ ਨਾਮ ਵੀ ਲਿਖਿਆ ਹੈ। ਦਵਿੰਦਰ ਸ਼ੂਟਰ ਨੂੰ ਕੁੱਝ ਸਮਾਂ ਪਹਿਲਾਂ ਬਠਿੰਡਾ ਪੁਲਿਸ ਨੇ ਮੁਕਾਬਲੇ 'ਚ ਮਾਰ ਦਿਤਾ ਸੀ।
ਜਾਣਕਾਰੀ ਅਨੁਸਾਰ ਮਿਤੀ 29 ਜੁਲਾਈ ਅਰਥਾਤ ਘਟਨਾ ਵਾਲੇ ਦਿਨ ਤੋਂ ਹੀ ਜ਼ਿਲ੍ਹਾ ਪੁਲਿਸ ਉਕਤ ਕਤਲ ਕਾਂਡ ਨੂੰ ਚੁਨੌਤੀ ਦੇ ਰੂਪ 'ਚ ਸਵੀਕਾਰ ਕਰ ਕੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਸੇਵੇਵਾਲਾ ਗੈਂਗ ਦੇ ਮੈਂਬਰਾਂ 'ਤੇ ਚੋਤਰਫ਼ਾ ਦਬਾਅ ਬਣਾਉਣ 'ਚ ਲੱਗੀ ਹੋਈ ਹੈ। ਸਿੰਮਾ ਬਹਿਬਲ ਦੀ ਫ਼ੇਸਬੁਕ ਪੋਸਟ ਤੋਂ ਬਾਅਦ ਪੁਲਿਸ ਪੱਪੂ ਕੋਛੜ ਦਾ ਫ਼ੋਨ ਕਬਜ਼ੇ 'ਚ ਲੈ ਕੇ ਉਸ ਦੀਆਂ ਫ਼ੋਨ ਕਾਲਾਂ ਰਾਹੀਂ ਹੋਰ ਜਾਣਕਾਰੀ ਪ੍ਰਾਪਤ ਕਰਨ 'ਚ ਜੁਟ ਗਈ ਹੈ। ਰੋਜ਼ਾਨਾ ਦੀ ਤਰ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਜੈਤੋ ਥਾਣੇ ਅਤੇ ਪੱਪੂ ਕੋਛੜ ਦੇ ਘਰ ਆਉਣ-ਜਾਣ ਦਾ ਸਿਲਸਿਲਾ ਜਾਰੀ ਹੈ।
ਕੀ ਕਹਿੰਦੇ ਹਨ ਐਸਐਸਪੀ: ਇਸ ਮਾਮਲੇ 'ਚ ਡਾ. ਨਾਨਕ ਸਿੰਘ ਜ਼ਿਲ੍ਹਾ ਪੁਲਿਸ ਮੁਖੀ ਫ਼ਰੀਦਕੋਟ ਦਾ ਕਹਿਣਾ ਹੈ ਕਿ ਸਿੰਮਾ ਬਹਿਬਲ ਦੀ ਫ਼ੇਸਬੁਕ ਪੋਸਟ ਦੀ 'ਚ ਪਧਰੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਦੇ ਅਪਡੇਟ ਹੋਣ ਦੀ ਲੋਕੇਸ਼ਨ ਰਾਹੀਂ ਪੁਲਿਸ ਨੂੰ ਜਲਦ ਸਫ਼ਲਤਾ ਮਿਲਣ ਦੀ ਸੰਭਾਵਨਾ ਹੈ।