ਗ੍ਰਹਿ ਮੰਤਰੀ ਅਮਿਤ ਸ਼ਾਹ ਸਦਨ 'ਚ ਪੇਸ਼ ਕਰ ਸਕਦੇ ਹਨ ਦਿੱਲੀ ਆਰਡੀਨੈਂਸ ਸਬੰਧੀ ਬਿੱਲ
ਮਨੀਪੁਰ ਦੌਰੇ ਤੋਂ ਵਾਪਸ ਆਏ ਵਿਰੋਧੀ ਗਠਜੋੜ INDIA ਦੇ ਸਾਂਸਦ ਪਹੁੰਚਣਗੇ ਸਦਨ, ਹੰਗਾਮੇ ਦੇ ਅਸਾਰ
ਨਵੀਂ ਦਿੱਲੀ : ਸੰਸਦ ਦੇ ਮਾਨਸੂਨ ਇਜਲਾਸ ਦਾ ਅੱਜ (31 ਜੁਲਾਈ) 9ਵਾਂ ਦਿਨ ਹੈ। ਸਥਿਤੀ ਦਾ ਜਾਇਜ਼ਾ ਲੈਣ ਲਈ ਮਨੀਪੁਰ ਗਏ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਦੇ ਸੰਸਦ ਮੈਂਬਰ 30 ਜੁਲਾਈ (ਐਤਵਾਰ) ਨੂੰ ਦਿੱਲੀ ਪਰਤ ਆਏ ਅਤੇ ਅੱਜ ਸਦਨ ਵਿਚ ਪਹੁੰਚਣਗੇ। ਵਿਰੋਧੀ ਪਾਰਟੀਆਂ ਲਗਾਤਾਰ ਸਦਨ 'ਚ ਮਨੀਪੁਰ ਹਿੰਸਾ 'ਤੇ ਚਰਚਾ ਦੀ ਮੰਗ ਕਰ ਰਹੀਆਂ ਹਨ। ਇਸ ਲਈ ਅੱਜ ਵੀ ਸੰਸਦ ਦੀ ਕਾਰਵਾਈ ਹੰਗਾਮੇ ਵਾਲੀ ਰਹਿਣ ਦੇ ਆਸਾਰ ਹਨ।
ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਲੋਕ ਸਭਾ ਵਿੱਚ ਦਿੱਲੀ ਆਰਡੀਨੈਂਸ ਬਿੱਲ ਪੇਸ਼ ਕਰ ਸਕਦੇ ਹਨ। ਇਸ ਨੂੰ 25 ਜੁਲਾਈ ਨੂੰ ਮੋਦੀ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਸੀ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਇਸ ਬਿੱਲ ਦਾ ਵਿਰੋਧ ਕਰ ਰਹੀ ਹੈ। ਵਿਰੋਧੀ ਪਾਰਟੀਆਂ ਵੀ 'ਆਪ' ਸਰਕਾਰ ਦੇ ਨਾਲ ਹਨ। ਕੇਂਦਰ ਨੇ 19 ਮਈ ਨੂੰ ਅਧਿਕਾਰੀਆਂ ਦੇ ਤਬਾਦਲੇ ਸਬੰਧੀ ਆਰਡੀਨੈਂਸ ਜਾਰੀ ਕੀਤਾ ਸੀ। ਆਰਡੀਨੈਂਸ ਵਿਚ ਉਨ੍ਹਾਂ ਨੇ ਸੁਪਰੀਮ ਕੋਰਟ ਦੇ 11 ਮਈ ਦੇ ਫ਼ੈਸਲੇ ਨੂੰ ਪਲਟ ਦਿਤਾ, ਜਿਸ ਵਿਚ ਦਿੱਲੀ ਸਰਕਾਰ ਨੂੰ ਟਰਾਂਸਫਰ-ਪੋਸਟਿੰਗ ਦਾ ਅਧਿਕਾਰ ਮਿਲਿਆ ਸੀ।
ਕਾਂਗਰਸ ਸੰਸਦ ਫੁੱਲੋ ਦੇਵੀ ਨੇਤਾਮ ਨੇ 30 ਜੁਲਾਈ ਨੂੰ ਕਿਹਾ ਕਿ ਮਣੀਪੁਰ 'ਚ ਸਥਿਤੀ ਦੀ ਭਰੋਸੇਯੋਗ ਰਿਪੋਰਟ ਸਦਨ 'ਚ ਪੇਸ਼ ਕੀਤੀ ਜਾਵੇਗੀ। ਫੂਲੋ ਦੇਵੀ ਵੀ ਭਾਰਤ ਦੇ ਉਨ੍ਹਾਂ ਸੰਸਦ ਮੈਂਬਰਾਂ ਵਿਚ ਸ਼ਾਮਲ ਸੀ ਜੋ ਮਨੀਪੁਰ ਗਏ ਸਨ। ਫੂਲੋ ਦੇਵੀ ਨੇ ਦਸਿਆ ਕਿ ਪੀੜਤ ਕਹਿ ਰਹੇ ਹਨ ਕਿ ਪੁਲਿਸ ਮੌਜੂਦ ਹੈ, ਪਰ ਉਹ ਕੁਝ ਨਹੀਂ ਕਰ ਰਹੀ। ਸਰਕਾਰ ਵੀ ਕੋਈ ਕਾਰਵਾਈ ਨਹੀਂ ਕਰ ਰਹੀ। ਅਸੀਂ ਮੰਗ ਕਰਾਂਗੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ 'ਚ ਆਉਣ ਅਤੇ ਮਨੀਪੁਰ 'ਤੇ ਚਰਚਾ ਕਰਨ।