ਭਾਜਪਾ ’ਚ ਸ਼ਾਮਲ ਹੋਣ ਦੀ ਸੰਭਾਵਨਾ
ਨਵੀਂ ਦਿੱਲੀ/ਭੁਵਨੇਸ਼ਵਰ: ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਮਮਤਾ ਮੋਹੰਤਾ ਨੇ ਬੁਧਵਾਰ ਨੂੰ ਅਪਣੀ ਪਾਰਟੀ ਬੀਜੂ ਜਨਤਾ ਦਲ (ਬੀ.ਜੇ.ਡੀ.) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿਤਾ।
ਬੀ.ਜੇ.ਡੀ. ਪ੍ਰਧਾਨ ਨਵੀਨ ਪਟਨਾਇਕ ਨੂੰ ਲਿਖੇ ਅਸਤੀਫੇ ’ਚ ਮੋਹੰਤਾ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਪਾਰਟੀ ’ਚ ਉਨ੍ਹਾਂ ਅਤੇ ਉਨ੍ਹਾਂ ਦੇ ਭਾਈਚਾਰੇ ਦੀ ਸੇਵਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।
ਉਨ੍ਹਾਂ ਕਿਹਾ, ‘‘ਮੈਂ ਮਯੂਰਭੰਜ ਦੇ ਲੋਕਾਂ ਦੀ ਸੇਵਾ ਕਰਨ ਅਤੇ ਓਡੀਸ਼ਾ ਦੇ ਮੁੱਦੇ ਨੂੰ ਕੌਮੀ ਪੱਧਰ ’ਤੇ ਉਠਾਉਣ ਦਾ ਮੌਕਾ ਦੇਣ ਲਈ ਤੁਹਾਡਾ ਧੰਨਵਾਦ ਕਰਦਾ ਹਾਂ।’’
ਉਨ੍ਹਾਂ ਕਿਹਾ ਕਿ ਉਹ ਬੀ.ਜੇ.ਡੀ. ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਨ। ਮੋਹੰਤਾ ਦੇ ਅਸਤੀਫੇ ਨਾਲ ਰਾਜ ਸਭਾ ’ਚ ਬੀ.ਜੇ.ਡੀ. ਮੈਂਬਰਾਂ ਦੀ ਗਿਣਤੀ ਘੱਟ ਕੇ ਅੱਠ ਰਹਿ ਗਈ ਹੈ। ਲੋਕ ਸਭਾ ’ਚ ਬੀ.ਜੇ.ਡੀ. ਦਾ ਕੋਈ ਮੈਂਬਰ ਨਹੀਂ ਹੈ।
ਇਸ ਦੌਰਾਨ ਭਾਜਪਾ ਸੂਤਰਾਂ ਨੇ ਦਸਿਆ ਕਿ ਮਮਤਾ ਮੋਹੰਤਾ ਦੇ ਭਾਜਪਾ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਉੱਚ ਸਦਨ ਦੀ ਕਾਰਵਾਈ ਦੌਰਾਨ ਦਸਿਆ ਕਿ ਮਮਤਾ ਨੇ ਅਸਤੀਫਾ ਦੇ ਦਿਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ।
ਓਡੀਸ਼ਾ ਵਿਧਾਨ ਸਭਾ ’ਚ ਭਾਜਪਾ ਕੋਲ ਬਹੁਮਤ ਹੈ ਅਤੇ ਉਹ ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਹੋਣ ਵਾਲੀ ਜ਼ਿਮਨੀ ਚੋਣ ’ਚ ਪਾਰਟੀ ਦੇ ਉਮੀਦਵਾਰ ਚੁਣੇ ਜਾਣ ਦੀ ਪੂਰੀ ਸੰਭਾਵਨਾ ਹੈ।