
ਗਿਰੀਰਾਜ ਸਿੰਘ ਨੇ ਦਾਅਵਾ ਕੀਤਾ ਕਿ ਵਿਅਕਤੀ ਸਹੀ ਤਰੀਕੇ ਨਾਲ ਗੱਲ ਨਹੀਂ ਕਰ ਰਿਹਾ ਸੀ
ਬੇਗੂਸਰਾਏ : ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇਸ ਦੀ ਜਾਣਕਾਰੀ ਦਿਤੀ। ਮੁਲਜ਼ਮ ਨੂੰ ਗਿਰੀਰਾਜ ਸਿੰਘ ਦੇ ਸਮਰਥਕਾਂ ਨੇ ਕੁੱਟਿਆ ਅਤੇ ਪੁਲਿਸ ਦੇ ਹਵਾਲੇ ਕਰ ਦਿਤਾ। ਉਹ ਸੰਸਦ ਮੈਂਬਰ ਦੇ ਜਨਤਾ ਦਰਬਾਰ ਪ੍ਰੋਗਰਾਮ ਲਈ ਅਰਜ਼ੀ ਲੈ ਕੇ ਆਇਆ ਸੀ।
ਬੇਗੂਸਰਾਏ ਦੇ ਸੰਸਦ ਮੈਂਬਰ ਗਿਰੀਰਾਜ ਸਿੰਘ ਨੇ ਕਿਹਾ, ‘‘ਮੌਲਵੀ ਦੀ ਤਰ੍ਹਾਂ ਕਪੜੇ ਪਾਈ ਇਕ ਦਾੜ੍ਹੀ ਵਾਲਾ ਆਦਮੀ ਮੇਰੇ ਕੋਲ ਇਕ ਅਰਜ਼ੀ ਲੈ ਕੇ ਆਇਆ ਅਤੇ ਮੈਨੂੰ ਇਸ ’ਤੇ ਵਿਚਾਰ ਕਰਨ ਲਈ ਕਿਹਾ। ਮੈਂ ਉਨ੍ਹਾਂ ਨੂੰ ਕਿਹਾ ਕਿ ਜਨਤਾ ਦਰਬਾਰ ਖਤਮ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਸਮੇਂ ਸਿਰ ਆਉਣਾ ਚਾਹੀਦਾ ਸੀ। ਫਿਰ ਉਸ ਨੇ ਮੇਰੇ ਵਿਰੁਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ। ਇਕ ਵਾਰ ਅਜਿਹਾ ਲੱਗ ਰਿਹਾ ਸੀ ਕਿ ਉਹ ਮੇਰੇ ’ਤੇ ਹਮਲਾ ਕਰਨ ਜਾ ਰਿਹਾ ਹੈ।’’
ਗਿਰੀਰਾਜ ਸਿੰਘ ਨੇ ਦਾਅਵਾ ਕੀਤਾ ਕਿ ਵਿਅਕਤੀ ਸਹੀ ਤਰੀਕੇ ਨਾਲ ਗੱਲ ਨਹੀਂ ਕਰ ਰਿਹਾ ਸੀ। ਉਨ੍ਹਾਂ ਕਿਹਾ, ‘‘ਉੱਥੇ ਇਕੱਠੇ ਹੋਏ ਲੋਕਾਂ ਨੇ ਇਸ ਨੂੰ ਕਾਬੂ ਕੀਤਾ। ਬਾਅਦ ਵਿਚ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ।’’ ਬੇਗੂਸਰਾਏ ਦੇ ਪੁਲਿਸ ਸੁਪਰਡੈਂਟ ਮਨੀਸ਼ ਨੇ ਦਸਿਆ, ‘‘ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।’’
ਬਾਅਦ ’ਚ ‘ਐਕਸ’ ’ਤੇ ਇਕ ਪੋਸਟ ’ਚ ਗਿਰੀਰਾਜ ਸਿੰਘ ਨੇ ਕਿਹਾ ਕਿ ਉਹ ਅਜਿਹੇ ਹਮਲਿਆਂ ਤੋਂ ਨਹੀਂ ਡਰਦੇ। ਉਨ੍ਹਾਂ ਕਿਹਾ, ‘‘ਦਾੜ੍ਹੀ ਅਤੇ ਟੋਪੀਆਂ ਵੇਖ ਕੇ ਉਨ੍ਹਾਂ ਨੂੰ ਪੁਚਕਾਰਨ ਵਾਲੇ ਵੇਖ ਲੈਣ ਕਿ ਕਿਸ ਤਰ੍ਹਾਂ ਬਿਹਾਰ ਦੇ ਬੇਗੂਸਰਾਏ ਸਮੇਤ ਪੂਰੇ ਦੇਸ਼ ’ਚ ਜ਼ਮੀਨੀ ਜੇਹਾਦ-ਲਵ ਜੇਹਾਦ ਅਤੇ ਫਿਰਕੂ ਤਣਾਅ ਪੈਦਾ ਕੀਤਾ ਜਾ ਰਿਹਾ ਹੈ।’’