
ਕਾਂਗਰਸ ਦੇ ਨਵੇਂ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਗੁਜਰਾਤ ਦੀ ਸੱਤਾਧਿਰ ਭਾਜਪਾ ਨੇ ਪੈਸਿਆਂ ਅਤੇ ਤਾਕਤ ਨਾਲ ਉਸ ਦੇ ਅਕਸ ਨੂੰ ਵਿਗਾੜਿਆ ਹੈ।
ਅਹਿਮਦਾਬਾਦ, 13 ਦਸੰਬਰ : ਕਾਂਗਰਸ ਦੇ ਨਵੇਂ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਗੁਜਰਾਤ ਦੀ ਸੱਤਾਧਿਰ ਭਾਜਪਾ ਨੇ ਪੈਸਿਆਂ ਅਤੇ ਤਾਕਤ ਨਾਲ ਉਸ ਦੇ ਅਕਸ ਨੂੰ ਵਿਗਾੜਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਮੇਰੇ ਕੋਲੋਂ ਨਹੀਂ, ਗੁਜਰਾਤ ਤੋਂ ਡਰਦੀ ਹੈ। ਗੁਜਰਾਤ ਚੋਣਾਂ ਲਈ ਪ੍ਰਚਾਰ ਕਲ ਖ਼ਤਮ ਹੋ ਗਿਆ ਸੀ। ਦੂਜੇ ਦੌਰ ਦੀਆਂ ਵੋਟਾਂ ਤੋਂ ਇਕ ਦਿਨ ਪਹਿਲਾਂ ਰਾਹੁਲ ਨੇ ਗੁਜਰਾਤੀ ਖ਼ਬਰ ਚੈਨਲਾਂ ਨਾਲ ਗੱਲਬਾਤ ਕਰਦਿਆਂ ਵਿਸ਼ਵਾਸ ਪ੍ਰਗਟ ਕੀਤਾ ਕਿ ਕਾਂਗਰਸ ਗੁਜਰਾਤ ਵਿਚ ਜਿੱਤੇਗੀ। ਰਾਹੁਲ ਨੇ ਕਿਹਾ, 'ਨਤੀਜੇ ਜ਼ਬਰਦਸਤ ਹੋਣਗੇ। ਅਸੀਂ ਨਾ ਸਿਰਫ਼ ਬਹੁਮਤ ਹਾਸਲ ਕਰਾਂਗੇ ਸਗੋਂ ਤੁਸੀਂ ਨਤੀਜਿਆਂ ਤੋਂ ਹੈਰਾਨ ਹੋ ਜਾਵੋਗੇ।
ਅਸੀਂ ਸਚਾਈ ਵਿਚ ਭਰੋਸਾ ਰਖਦੇ ਹਾਂ।' ਜਦ ਰਾਹੁਲ ਨੂੰ ਬਦਲੇ ਹੋਏ ਅਕਸ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ, 'ਕੋਈ ਬਦਲਾਅ ਨਹੀਂ ਹੈ। ਭਾਜਪਾ ਕਾਰਕੁਨਾਂ ਨੇ ਰਾਹੁਲ ਗਾਂਧੀ ਦਾ ਅਕਸ ਵਿਗਾੜਿਆ ਅਤੇ ਇਸ ਲਈ ਕਾਫ਼ੀ ਪੈਸਾ ਵੀ ਖ਼ਰਚਿਆ ਗਿਆ।' ਉਨ੍ਹਾਂ ਕਿਹਾ ਰਾਹੁਲ ਦਾ ਅਕਸ ਵਿਗਾੜਨ ਦੇ ਕੰਮ ਵਿਚ ਕਈ ਲੋਕ ਲਾਏ ਗਏ ਸਨ। ਰਾਹੁਲ ਨੇ ਕਿਹਾ, 'ਮੇਰਾ ਸਚਾਈ ਵਿਚ ਭਰੋਸਾ ਹੈ। ਮੈਂ ਸੱਚ ਬੋਲਦਾ ਹਾਂ। ਹੁਣ ਸਚਾਈ ਸਾਹਮਣੇ ਆ ਰਹੀ ਹੈ ਅਤੇ ਉਹ ਇਸ ਨੂੰ ਵੇਖਣ ਦੇ ਸਮਰੱਥ ਨਹੀਂ।' ਚੋਣ ਪ੍ਰਚਾਰ ਦੌਰਾਨ ਮੰਦਰਾਂ ਵਿਚ ਜਾਣ ਬਾਰੇ ਪੁੱਛੇ ਜਾਣ 'ਤੇ ਰਾਹੁਲ ਨੇ ਪੁਛਿਆ, 'ਕੀ ਮੰਦਰਾਂ ਵਿਚ ਜਾਣਾ ਵਰਜਿਤ ਹੈ? ਮੈਂ ਮੰਦਰਾਂ ਵਿਚ ਜਾਂਦਾ ਹਾਂ ਕਿਉਂਕਿ ਮੈਨੂੰ ਚੰਗਾ ਲਗਦਾ ਹੈ।' (ਏਜੰਸੀ)