
ਗੁਰਦਾਸਪੁਰ ਦੀ ਜ਼ਿਮਨੀ ਚੋਣ ਵਿਚ ਕਾਂਗਰਸ ਦੀ ਹੋਈ ਰੀਕਾਰਡਤੋੜ ਜਿੱਤ ਤੋਂ ਬਾਅਦ
ਮਜੀਠਾ/ਅੰਮ੍ਰਿਤਸਰ, 25 ਅਕਤੂਬਰ (ਸਤਵਿੰਦਰ ਸਿੰਘ ਜੱਜ, ਅਸ਼ਵਨੀ ਸ਼ਰਮਾ, ਸੁਖਵਿੰਦਰਜੀਤ ਸਿੰਘ ਬਹੋੜ): ਗੁਰਦਾਸਪੁਰ ਦੀ ਜ਼ਿਮਨੀ ਚੋਣ ਵਿਚ ਕਾਂਗਰਸ ਦੀ ਹੋਈ ਰੀਕਾਰਡਤੋੜ ਜਿੱਤ ਤੋਂ ਬਾਅਦ ਅੱਜ ਸੁਖਜਿੰਦਰ ਰਾਜ ਸਿੰਘ ਮਜੀਠਾ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਦੀ ਇਕ ਇਕੱਤਰਤਾ ਕੀਤੀ ਹੋਈ ਜੋ ਵਿਸ਼ਾਲ ਰੈਲੀ ਦਾ ਰੂਪ ਧਾਰ ਗਈ।
ਇਕੱਤਰਤਾ ਵਿਚ ਕੈਬਨਿਟ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਸੁੱਖੀ ਰੰਧਾਵਾ, ਬਰਮਿੰਦਰ ਸਿੰਘ ਪਾੜ੍ਹਾ, ਹਰਪ੍ਰਤਾਪ ਸਿੰਘ ਅਜਨਾਲਾ ਤਿੰਨੇ ਵਿਧਾਇਕ, ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਭਗਵੰਤਪਾਲ ਸਿੰਘ ਸੱਚਰ ਕਾਂਗਰਸ ਜ਼ਿਲ੍ਹਾ ਪ੍ਰਧਾਨ ਦਿਹਾਤੀ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਸੰਬੋਧਨ ਕੀਤਾ। ਨਵਜੋਤ ਸਿੰਘ ਸਿੱਧੂ ਨੇ ਅਪਣੇ ਸੰਬੋਧਨ ਰਾਹੀ ਮਜੀਠਾ ਹਲਕੇ ਦੇ ਵਿਧਾਇਕ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਹਮਲੇ ਕਰਦਿਆਂ ਕਿਹਾ ਕਿ ਨਸ਼ੇ ਦੇ ਸੌਦਾਗਰ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜੇਲ ਭੇਜਣ ਤਕ ਘੋਲ ਕਰਦੇ ਰਹਾਂਗੇ।
ਪਾਲਤੂ ਜਾਨਵਰਾਂ 'ਤੇ ਟੈਕਸ ਬਾਰੇ ਉਨ੍ਹਾਂ ਬੋਲਦਿਆਂ ਕਿਹਾ ਕਿ ਇਹ ਮਜੀਠੀਆ ਵਲੋਂ ਉਨ੍ਹਾਂ ਵਿਰੁਧ ਕੀਤਾ ਜਾ ਰਿਹਾ ਭੰਡੀ ਪ੍ਰਚਾਰ ਹੈ ਤੇ ਇਸ ਵਿਚ ਕੋਈ ਵੀ ਸੱਚਾਈ ਨਹੀਂ। ਉਨ੍ਹਾਂ ਗੁਰਦਾਸਪੁਰ ਦੀ ਜ਼ਿਮਨੀ ਚੋਣ ਬਾਰੇ ਗੱਲ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਦੀ ਸ਼ਰਮਨਾਕ ਹਾਰ ਮਾਝੇ ਦੇ ਅਖੌਤੀ ਜਰਨੈਲ ਬਿਕਰਮ ਮਜੀਠੀਆ ਦਾ ਮੂੰਹ ਤੋੜ ਜਵਾਬ ਹੈ।
ਉਨ੍ਹਾਂ ਨੇ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਨੂੰ ਮਾਝੇ ਦਾ ਜਰਨੈਲ ਐਲਾਨ ਕਰਦਿਆਂ ਕਿਹਾ ਕਿ ਅਸਲ ਮਾਝੇ ਦਾ ਜਰਨੈਲ ਅਖਵਾਉਣ ਦਾ ਹੱਕ ਸੁੱਖੀ ਰੰਧਾਵਾ ਰੱਖਦਾ ਹੈ ਜਿਸ ਨੇ ਅਪਣੇ ਹਲਕੇ ਵਿਚੋਂ ਜ਼ਿਮਨੀ ਚੋਣ ਵਿਚ 44 ਹਜ਼ਾਰ ਦੀ ਲੀਡ ਨਾਲ ਭਾਜਪਾ ਹਰਾਇਆ। ਨਵਜੋਤ ਸਿੰਘ ਸਿੱਧੂ ਨੇ ਸਿਰਫ਼ ਪੀਟੀਸੀ ਤੋਂ ਸ਼੍ਰੀ ਦਰਬਾਰ ਸਹਿਬ ਦੇ ਚਲਦੇ ਗੁਰਬਾਣੀ ਸੰਚਾਰ ਦਾ ਵਿਰੋਧ ਕਰਦਿਆਂ ਕਿਹਾ ਕਿ ਦੁਨੀਆਂ ਭਰ ਦੇ ਲੋਕਾਂ ਦੀ ਆਸਥਾ ਹਰਿਮੰਦਰ ਸਾਹਿਬ ਨਾਲ ਜੁੜੀ ਹੈ। ਇਸ ਤੋਂ ਗੁਰਬਾਣੀ ਦਾ ਸੰਚਾਰ ਸਾਰੇ ਚੈਨਲਾਂ ਤੋਂ ਹੋਣਾ ਚਾਹੀਦਾ ਹੈ ਨਾ ਕਿ ਇਕੱਲਾ ਪੀਟੀਸੀ ਤੋਂ। ਡੇਰਾ ਬਾਬਾ ਨਾਨਕ ਤੇ ਵਿਧਾਇਕ ਸੁਖਜਿੰਦਰ ਸਿੰਘ ਸੁੱਖੀ ਨੇ ਅਪਣੇ ਸੰਬੋਧਨ ਰਾਹੀਂ ਬਿਕਰਮ ਸਿੰਘ ਮਜੀਠੀਆ ਨੂੰ ਅਸਤੀਫ਼ਾ ਦੇ ਕੇ ਮਜੀਠਾ ਹਲਕੇ ਤੋਂ ਉਨ੍ਹਾਂ ਨਾਲ ਚੋਣ ਲੜਨ ਲਈ ਵੀ ਵੰਗਾਰਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਜਿਥੇ ਬਿਕਰਮ ਸਿੰਘ ਮਜੀਠੀਆ 'ਤੇ ਹਮਲੇ ਕੀਤੇ ਉਥੇ ਉਨ੍ਹਾਂ ਵਲੋਂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠਾ ਨੂੰ ਵਧੀਆ ਪਦਵੀ ਦੀ ਤਾਕਤ ਦੇਣ ਲਈ ਸ਼ਿਫਾਰਸ਼ਾਂ ਵੀ ਕੀਤੀ ਆਂ ਗਈਆਂ। ਇਸ ਮੌਕੇ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠਾ, ਹਰਭੁਪਿੰਦਰ ਸਿੰਘ ਸ਼ਾਹ, ਹਰਦੀਪ ਸਿੰਘ, ਕਸ਼ਮੀਰ ਸਿੰਘ, ਭਗਵਾਨ ਸਿੰਘ, ਸੁੱਖ ਭੰਗਵਾਂ, ਹਰਦਿਆਲ ਸਿੰਘ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਮੰਗਾ ਆਦਿ ਹਾਜ਼ਰ ਸਨ।