
ਚੀਨੀ ਰਾਸ਼ਟਰਪਤੀ ਸ਼ੀ ਚਿਨਪਿੰਗ ਨੇ ਨੌਵੇਂ ਸਾਲਾਨਾ ਬਿਕ੍ਰਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦਖਣੀ ਅਫ਼ਰੀਕਾ) ਸਿਖਰ ਸੰਮੇਲਨ ਦਾ ਉਦਘਾਟਨ ....
ਸ਼ਿਆਮਨ (ਚੀਨ) : ਚੀਨੀ ਰਾਸ਼ਟਰਪਤੀ ਸ਼ੀ ਚਿਨਪਿੰਗ ਨੇ ਨੌਵੇਂ ਸਾਲਾਨਾ ਬਿਕ੍ਰਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦਖਣੀ ਅਫ਼ਰੀਕਾ) ਸਿਖਰ ਸੰਮੇਲਨ ਦਾ ਉਦਘਾਟਨ ਕਰਦਿਆਂ ਮੈਂਬਰ ਦੇਸ਼ਾਂ ਨੂੰ ਅਪਣੇ ਮਤਭੇਦ ਦੂਰ ਕਰਨ ਅਤੇ ਆਪਸੀ ਵਿਸ਼ਵਾਸ ਅਤੇ ਰਣਨੀਤਕ ਸੰਵਾਦ ਵਧਾ ਕੇ ਇਕ ਦੂਜੇ ਦੀਆਂ ਚਿੰਤਾਵਾਂ ਦੂਰ ਕਰਨ ਲਈ ਕਿਹਾ ਹੈ। ਤਿੰਨ ਦਿਨਾ ਸੰਮੇਲਨ ਦਾ ਉਦਘਾਟਨ ਸਮਾਰੋਹ ਬ੍ਰਿਕਸ ਵਪਾਰ ਪਰਿਸ਼ਦ ਦੀ ਬੈਠਕ ਨਾਲ ਸ਼ੁਰੂ ਹੋਇਆ। ਚੀਨੀ ਰਾਸ਼ਟਰਪਤੀ ਨੇ ਵੱਖ ਵੱਖ ਦੇਸ਼ਾਂ ਦੇ ਕਰੀਬ 1000 ਪ੍ਰਤੀਨਿਧਾਂ ਨੂੰ ਕਿਹਾ, 'ਬ੍ਰਿਕਸ ਸਹਿਯੋਗ ਪੱਖੋਂ ਫ਼ੈਸਲੇ ਕੋਈ ਇਕ ਦੇਸ਼ ਨਹੀਂ ਕਰਦਾ ਸਗੋਂ ਵਿਚਾਰ ਵਟਾਂਦਰੇ ਮਗਰੋਂ ਲਏ ਜਾਂਦੇ ਹਨ।
ਇਸ ਤੋਂ ਪਹਿਲਾਂ ਚੀਨੀ ਰਾਸ਼ਟਰਪਤੀ ਨੇ ਬ੍ਰਿਕਸ ਦੇਸ਼ਾਂ ਨੂੰ ਹਰ ਤਰ੍ਹਾਂ ਦੇ ਅਤਿਵਾਦ ਵਿਰੁਧ ਲੜਨ ਲਈ ਸਾਂਝੀ ਤੇ ਸਖ਼ਤ ਕਾਰਵਾਈ ਕਰਨ ਅਤੇ ਅਤਿਵਾਦੀਆਂ ਦੀਆਂ ਲੁਕਣਗਾਹਾਂ ਲਈ ਕੋਈ ਗੁੰਜਾਇਸ਼ ਨਾ ਛੱਡਣ ਦੀ ਅਪੀਲ ਕੀਤੀ। ਉਨ੍ਹਾਂ ਬ੍ਰਿਕਸ ਬਿਜ਼ਨਸ ਫ਼ੋਰਮ ਦੇ ਉਦਘਾਟਨ ਸਮਾਰੋਹ ਵਿਚ ਭਾਸ਼ਨ ਦਿੰਦਿਆਂ ਸ਼ੀ ਨੇ ਬ੍ਰਿਕਸ ਦੇਸ਼ਾਂ ਨੂੰ ਭੂ ਰਾਜਨੀਤਕ ਮੁੱÎਦਿਆਂ ਦਾ ਹੱਲ ਕਰਨ ਦੀ ਕਵਾਇਦ ਵਿਚ ਰਚਨਾਤਮਕ ਰੂਪ ਵਿਚ ਹਿੱਸਾ ਲੈਣ ਅਤੇ ਬਣਦਾ ਯੋਗਦਾਨ ਦੇਣ ਲਈ ਕਿਹਾ।
ਉਨ੍ਹਾਂ ਕਿਹਾ, 'ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਜਦ ਤਕ ਅਸੀਂ ਸਾਰੇ ਹਰ ਤਰ੍ਹਾਂ ਦੇ ਅਤਿਵਾਦ ਨਾਲ ਮਿਲ ਜੁਲ ਕੇ ਨਹੀਂ ਲੜਾਂਗੇ ਅਤੇ ਇਸ ਦੇ ਲੱਛਣਾਂ ਅਤੇ ਮੂਲ
ਕਾਰਨਾਂ ਦਾ ਹੱਲ ਕਰਦੇ ਰਹਾਂਗੇ ਤਦ ਤਕ ਅਤਿਵਾਦੀਆਂ ਕੋਲ ਲੁਕਣ ਦੀ ਕੋਈ ਜਗ੍ਹਾ ਨਹੀਂ ਹੋਵੇਗੀ।' ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫ਼ਗ਼ਾਨਿਸਤਾਨ ਵਿਚ ਅਮਰੀਕੀਆਂ ਦੀ ਹਤਿਆ ਕਰਨ ਵਾਲਿਆਂ ਨੂੰ ਸੁਰੱਖਿਅਤ ਪਨਾਹਗਾਹ ਦੇਣ ਬਾਬਤ ਚੀਨ ਦੇ ਕਰੀਬੀ ਸਹਿਯੋਗੀ ਪਾਕਿਸਤਾਨ 'ਤੇ ਹਮਲਾ ਕੀਤਾ ਸੀ ਅਤੇ ਇਸਲਾਮਾਬਾਦ ਨੂੰ ਚੇਤਾਵਨੀ ਵੀ ਦਿਤੀ ਸੀ ਕਿ ਅਤਿਵਾਦ ਨੂੰ ਸ਼ਹਿ ਦੇਣ ਕਾਰਨ ਉਹ ਨੁਕਸਾਨ ਝੱਲੇਗਾ। ਬ੍ਰਿਕਸ ਸੰਮੇਲਨ ਵਿਚ ਅਤਿਵਾਦ ਬਾਬਤ ਭਾਰਤ ਦੁਆਰਾ ਅਪਣੀ ਚਿੰਤਾ ਜ਼ੋਰਦਾਰ ਢੰਗ ਨਾਲ ਪ੍ਰਗਟ ਕਰਨ ਦੀ ਉਮੀਦ ਹੈ। (ਏਜੰਸੀ)