
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਧਾਨ ਸਭਾ ਵਿਚ ਨੇਤਾ ਵਿਰੋਧੀ ਧਿਰ ਸੁਖਪਾਲ ਸਿੰਘ ਖਹਿਰਾ ਦੀ ਪਟੀਸ਼ਨ
ਚੰਡੀਗੜ੍ਹ, 9 ਨਵੰਬਰ (ਨੀਲ ਭਲਿੰਦਰ ਸਿੰਘ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਧਾਨ ਸਭਾ ਵਿਚ ਨੇਤਾ ਵਿਰੋਧੀ ਧਿਰ ਸੁਖਪਾਲ ਸਿੰਘ ਖਹਿਰਾ ਦੀ ਪਟੀਸ਼ਨ ਉਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਖਹਿਰਾ ਨੇ ਕਰੀਬ ਢਾਈ ਸਾਲ ਪੁਰਾਣੇ ਕੌਮਾਂਤਰੀ ਹੈਰੋਇਨ ਤਸਕਰੀ ਮਾਮਲੇ ਵਿਚ ਫ਼ਾਜ਼ਿਲਕਾ ਜ਼ਿਲ੍ਹਾ ਵਧੀਕ ਸੈਸ਼ਨ ਦੀ ਅਦਾਲਤ ਦੁਆਰਾ ਸੰਮਨ ਕਰਨ ਅਤੇ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਨੂੰ ਹਾਈ ਕੋਰਟ ਵਿਚ ਚੁਨੌਤੀ ਦਿਤੀ ਹੈ। ਅੱਜ ਇਸ ਮਾਮਲੇ ਵਿਚ ਮੁਕੰਮਲ ਬਹਿਸ ਤੋਂ ਬਾਅਦ ਜਸਟਿਸ ਏ ਬੀ ਚੌਧਰੀ ਨੇ ਖਹਿਰਾ ਦੀ ਪਟੀਸ਼ਨ ਉੱਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ।
ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਫ਼ੈਸਲਾ ਆਉਣ ਤਕ ਗ਼ੈਰ ਜ਼ਮਾਨਤੀ ਵਾਰੰਟ ਉੱਤੇ ਰੋਕ ਲਗਾਉਂਦੇ ਹੋਏ ਪੰਜਾਬ ਸਰਕਾਰ ਕੋਲੋਂ ਅੱਜ ਤਕ ਜਵਾਬ ਤਲਬ ਕੀਤਾ ਸੀ। ਹਾਈ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਖਹਿਰਾ ਨੇ ਕਿਹਾ
ਕਿ ਜ਼ਿਲ੍ਹਾ ਅਦਾਲਤ ਨੂੰ ਉਨ੍ਹਾਂ ਵਿਰੁਧ ਮਾਮਲਾ ਚਲਾਉਣ ਦੀ ਇਜਾਜ਼ਤ ਦੇਣਾ ਅਤੇ ਸੰਮਨ ਕਰਨਾ ਗ਼ੈਰ ਕਾਨੂੰਨੀ ਹੈ। ਉਹ ਬਤੌਰ ਨੇਤਾ ਵਿਰੋਧੀ ਧਿਰ ਤਾਂ ਸਰਕਾਰ ਦੀਆਂ ਨਜ਼ਰਾਂ 'ਚ ਰੜਕ ਹੀ ਰਹੇ ਹਨ ਸਗੋਂ ਉਨ੍ਹਾਂ ਵਲੋਂ ਸਰਕਾਰ ਦੇ ਇਕ ਸੀਨੀਅਰ ਮੰਤਰੀ ਦਾ ਰੇਤ ਦੀਆਂ ਖੱਡਾਂ 'ਚ ਸਕੈਂਡਲ ਵੀ ਬੇਪਰਦ ਕੀਤਾ ਗਿਆ ਹੈ। ਇਹ ਰਾਜਨੀਤੀ ਤੋਂ ਪ੍ਰੇਰਿਤ ਮਾਮਲਾ ਹੈ। ਖ਼ਾਸਕਰ ਹੇਠਲੀ ਅਦਾਲਤ 'ਚ ਮੁੱਖ ਕੇਸ ਦਾ ਹੀ ਟ੍ਰਾਇਲ ਤਕ ਪੂਰਾ ਹੋ ਚੁੱਕਾ ਹੈ ਅਤੇ ਮੁੱਖ ਦੋਸ਼ੀ ਨੂੰ ਸਜ਼ਾ ਹੋ ਚੁੱਕੀ ਹੈ ਤਾਂ ਕਿਵੇਂ ਕਿਸੇ ਕਥਿਤ ਸਹਿ ਦੋਸ਼ੀ ਵਿਰੁਧ ਮਾਮਲਾ ਚਲਾਇਆ ਜਾ ਸਕਦਾ ਹੈ। ਉਨ੍ਹਾਂ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਅਦਾਲਤ ਦੇ ਫ਼ੈਸਲੇ ਉੱਤੇ ਰੋਕ ਲਗਾਏ।