
ਬਾਲ ਠਾਕਰੇ ਦੀ ਜਯੰਤੀ ਮੌਕੇ ਸ਼ਿਵ ਸੈਨਾ ਭਾਜਪਾ ਉਤੇ ਪੂਰੀ ਤਰ੍ਹਾਂ ਹਮਲਾਵਰ ਰਹੀ.....
ਮੁੰਬਈ : ਬਾਲ ਠਾਕਰੇ ਦੀ ਜਯੰਤੀ ਮੌਕੇ ਸ਼ਿਵ ਸੈਨਾ ਭਾਜਪਾ ਉਤੇ ਪੂਰੀ ਤਰ੍ਹਾਂ ਹਮਲਾਵਰ ਰਹੀ। ਸ਼ਿਵ ਸੈਨਾ ਨੇ ਕਾਰਜਕਾਰਣੀ ਦੀ ਬੈਠਕ ਵਿਚ ਫ਼ੈਸਲਾ ਕੀਤਾ ਕਿ ਹਾਲਾਤ ਹੁਣ ਅਜਿਹੇ ਬਣ ਗਏ ਹਨ ਕਿ ਭਾਜਪਾ ਨਾਲ ਮਿਲ ਕੇ ਨਹੀਂ ਚਲਿਆ ਜਾ ਸਕਦਾ। ਪਾਰਟੀ ਨੇ ਮਤਾ ਪਾਸ ਕੀਤਾ ਕਿ 2019 ਦੀਆਂ ਆਮ ਚੋਣਾਂ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਮਿਲ ਕੇ ਨਹੀਂ ਲੜੀਆਂ ਜਾਣਗੀਆਂ। ਮਤੇ ਮੁਤਾਬਕ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨਾਲ ਗਠਜੋੜ ਨਹੀਂ ਕਰੇਗੀ ਅਤੇ ਇਕੱਲੀ ਹੀ ਚੋਣਾਂ ਲੜੇਗੀ। ਪਾਰਟੀ ਆਗੂ ਸੰਜੇ ਰਾਊਤ ਨੇ ਕਿਹਾ ਕਿ ਪਾਰਟੀ ਘੱਟੋ ਘੱਟ 25 ਲੋਕ ਸਭਾ ਸੀਟਾਂ ਜਿੱਤੇਗੀ।
ਸੰਜੇ ਰਾਊਤ ਨੇ ਬੈਠਕ ਵਿਚ ਐਨਡੀਏ ਨਾਲ ਨਾਤਾ ਤੋੜਨ ਦਾ ਮਤਾ ਰਖਿਆ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿਤਾ ਗਿਆ। ਸੰਜੇ ਰਾਊਤ ਨੇ ਕਿਹਾ ਕਿ ਭਾਜਪਾ ਨਾਲ ਗਠਜੋੜ ਕਾਇਮ ਰੱਖਣ ਲਈ ਹਮੇਸ਼ਾ ਸਮਝੌਤਾ ਕੀਤਾ ਗਿਆ ਪਰ ਭਾਜਪਾ ਨੇ ਸ਼ਿਵ ਸੈਨਾ ਨੂੰ ਨੀਵਾਂ ਵਿਖਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸ਼ਿਵ ਸੈਨਾ ਹੁਣ ਐਨਡੀਏ ਦਾ ਹਿੱਸਾ ਨਹੀਂ ਰਹੇਗੀ। ਊਧਵ ਠਾਕਰੇ ਨੇ ਕਿਹਾ ਕਿ ਹਿੰਦੂ ਵੋਟ ਵਿਚ ਫੁੱਟ ਨਾ ਪਵੇ, ਇਸ ਲਈ ਪਾਰਟੀ ਕਦੇ ਮਹਾਰਾਸ਼ਟਰ ਤੋਂ ਬਾਹਰ ਨਹੀਂ ਨਿਕਲੀ ਪਰ ਹੁਣ ਸ਼ਿਵ ਸੈਨਾ ਹਰ ਰਾਜ ਵਿਚ ਹਿੰਦੂਤਵ ਦੇ ਮੁੱਦੇ 'ਤੇ ਚੋਣ ਲੜੇਗੀ। ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕਿਹਾ ਕਿ ਚੋਣ ਆਉਂਦਿਆਂ ਹੀ ਉਨ੍ਹਾਂ ਨੂੰ ਕਸ਼ਮੀਰ ਦੀ ਯਾਦ ਆਉਂਦੀ ਹੈ। ਊਧਵ ਠਾਕਰੇ ਨੇ ਕੁੱਝ ਦਿਨ ਪਹਿਲਾਂ ਐਨਡੀਏ ਨਾਲੋਂ ਵੱਖ ਹੋਣ ਦੀ ਚੇਤਾਵਨੀ ਦਿਤੀ ਸੀ। ਮਹਾਰਾਸ਼ਟਰ ਵਿਚ ਭਾਜਪਾ ਅਤੇ ਸ਼ਿਵ ਸੈਨਾ ਮਿਲ ਕੇ ਸਰਕਾਰ ਚਲਾ ਰਹੀਆਂ ਹਨ। (ਏਜੰਸੀ)