
ਨੇਤਾ ਵਿਰੋਧੀ ਧਿਰ ਅਤੇ ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਉਨ੍ਹਾਂ ਨੂੰ ਪੁਰਾਣੇ ਕੇਸ 'ਚ ਸੰਮਨ ਅਤੇ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਹੋਣ ਪਿੱਛੇ
ਚੰਡੀਗੜ੍ਹ, 8 ਨਵੰਬਰ (ਨੀਲ ਭਲਿੰਦਰ ਸਿੰਘ) : ਨੇਤਾ ਵਿਰੋਧੀ ਧਿਰ ਅਤੇ ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਉਨ੍ਹਾਂ ਨੂੰ ਪੁਰਾਣੇ ਕੇਸ 'ਚ ਸੰਮਨ ਅਤੇ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਹੋਣ ਪਿੱਛੇ ਅਪਣੇ ਸਿਆਸੀ ਵਿਰੋਧੀ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਹੱਥ ਦਸਿਆ ਹੈ।ਖਹਿਰਾ ਨੇ ਅੱਜ ਇਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫ਼ਾਜ਼ਿਲਕਾ ਅਦਾਲਤ ਵਾਲੇ ਉਕਤ ਮਾਮਲੇ ਬਾਰੇ ਦਸਿਆ ਗਿਆ ਤਾਂ ਮੁੱਖ ਮੰਤਰੀ ਨੇ ਅਪਣੇ ਤਜਰਬੇ ਦੇ ਆਧਾਰ ਉਤੇ ਪਹਿਲਾਂ ਹੀ ਆਖ ਦਿਤਾ ਕਿ ਇਸ ਕੇਸ ਵਿਚ ਖਹਿਰਾ ਵਿਰੁਧ ਕਾਰਵਾਈ ਦੀ ਕੋਈ ਠੋਸ ਸੰਭਾਵਨਾ ਨਹੀਂ ਹੈ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਇਸ ਕੇਸ ਨੂੰ ਅੱਗੇ ਵਧਾਉਣ ਤੋਂ ਇਨਕਾਰ ਕੀਤਾ ਹੋਣ ਦੇ ਬਾਵਜੂਦ ਵੀ ਰਾਣਾ ਗੁਰਜੀਤ ਅਤੇ ਉਨ੍ਹਾਂ ਦੇ 'ਕੁੱਝ ਸਲਾਹਕਾਰਾਂ' ਨੇ ਮੁੱਖ ਮੰਤਰੀ ਦੇ ਕਹਿਣੇ ਤੋਂ ਬਾਹਰ ਜਾ ਕੇ ਇਹ 'ਸ਼ਰਾਰਤ' ਕੀਤੀ ਹੈ।
ਖਹਿਰਾ ਨੇ ਉਨ੍ਹਾਂ ਦੇ ਇਸ ਕੇਸ 'ਚੋਂ ਸਾ²ਫ਼ ਬਰੀ ਹੋਣ ਦਾ ਭਰੋਸਾ ਪ੍ਰਗਟ ਕਰਦੇ ਹੋਏ, ਨਾਲ ਹੀ ਇਹ ਵੀ ਕਿਹਾ ਕਿ ਉਹ ਅਪਣੇ ਵਿਰੁਧ ਇਹ ਸਾਜ਼ਸ਼ ਘੜਨ ਵਾਲਿਆਂ ਨੂੰ ਬੇਪਰਦਾ ਜ਼ਰੂਰ ਕਰਨਗੇ। ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਨਸ਼ਾ ਤਸਕਰੀ 'ਚ ਕਥਿਤ ਸ਼ਮੂਲੀਅਤ ਦਾ ਮਾਮਲਾ ਇਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ, ਹੋਣ ਦਾ ਹਵਾਲਾ ਦਿੰਦੇ ਹੋਏ ਖਹਿਰਾ ਨੇ ਕਿਹਾ ਕਿ ਉਨ੍ਹਾਂ ਵਿਰੁਧ ਤਾਂ ਕੁੱਝ ਟੈਲੀਫ਼ੋਨ ਕਾਲਾਂ ਆਦਿ ਨੂੰ ਆਧਾਰ ਬਣਾ ਕੇ ਹੀ ਸੰਮਨ ਅਤੇ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰਵਾ ਦਿਤੇ ਗਏ ਜਦਕਿ ਮਜੀਠੀਆ ਵਿਰੁਧ ਨਸ਼ਾ ਕੇਸ ਦੇ ਸਹਿ ਦੋਸ਼ੀ ਜਗਜੀਤ ਸਿੰਘ ਚਾਹਲ ਦਾ ਪੂਰੇ ਦਾ ਪੂਰਾ ਇਕਬਾਲੀਆ ਬਿਆਨ ਇੰਫ਼ੋਸਮੈਂਟ ਡਾਇਰੈਕਟੋਰੇਟ ਅਦਾਲਤ ਮੁਹਾਲੀ ਅਤੇ ਹੁਣ ਹਾਈ ਕੋਰਟ ਤਕ ਕੋਲ ਮੌਜੂਦ ਹੈ। ਖਹਿਰਾ ਨੇ ਇਸ ਆਧਾਰ ਉਤੇ ਮਜੀਠੀਆ ਵਿਰੁਧ ਕਾਰਵਾਈ ਮੰਗੀ ਹੈ। ਦਸਣਯੋਗ ਹੈ ਕਿ ਇਸ ਬਾਰੇ ਵਿਸਥਾਰਤ ਰੀਪੋਰਟ 'ਰੋਜ਼ਾਨਾ ਸਪੋਕਸਮੈਨ' ਵਲੋਂ ਇਕ ਦਿਨ ਪਹਿਲਾਂ ਹੀ ਨਸ਼ਰ ਕੀਤੀ ਜਾ ਚੁਕੀ ਹੈ।