
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਹੁਤ ਹੀ ਅਜੀਬ ਸ਼ਖ਼ਸ ਹੈ।
ਨਵੀਂ ਦਿੱਲੀ, 9 ਨਵੰਬਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਹੁਤ ਹੀ ਅਜੀਬ ਸ਼ਖ਼ਸ ਹੈ। ਉਹ ਹਾਲਾਤ ਨੂੰ ਸਮਝੇ ਬਿਨਾਂ ਹੀ ਅਪਣੀ ਰਾਏ ਦੇ ਦਿੰਦੇ ਹਨ।
ਉਨ੍ਹਾਂ ਕਿਹਾ, 'ਪ੍ਰਦੂਸ਼ਣ ਰੋਕਣ ਲਈ ਕੇਜਰੀਵਾਲ ਨੇ ਕੁੱਝ ਵੀ ਨਹੀਂ ਕੀਤਾ। ਇਹ ਬਹੁਤ ਵੱਡਾ ਮੁੱਦਾ ਹੈ। ਪ੍ਰਦੂਸ਼ਣ ਵਧਾਉਣ ਵਿਚ ਸਾਰੇ ਰਾਜਾਂ ਦਾ ਯੋਗਦਾਨ ਹੈ।' ਖ਼ਬਰ ਏਜੰਸੀ ਨੂੰ ਦਿਤੀ ਇੰਟਰਵਿਊ ਵਿਚ ਮੁੱਖ ਮੰਤਰੀ ਨੇ ਕਿਹਾ, 'ਪੰਜਾਬ ਵਿਚ 20 ਮਿਲੀਅਨ ਟਨ ਪਰਾਲੀ ਰੱਖੀ ਹੈ। ਅਸੀਂ ਕਿਸਾਨਾਂ ਨੂੰ ਇਹ ਪਰਾਲੀ ਕਿਥੇ ਜਮ੍ਹਾਂ ਕਰਨ ਲਈ ਕਹੀਏ? ਮਿਸਟਰ ਕੇਜਰੀਵਾਲ ਇਹ ਸਮੱਸਿਆ
ਸਮਝ ਹੀ ਨਹੀਂ ਰਹੇ। ਮੈਂ ਪ੍ਰਧਾਨ ਮੰਤਰੀ ਨੂੰ ਤਿੰਨ ਚਿੱਠੀਆਂ ਲਿਖੀਆਂ ਸਨ। ਕਲ ਵੀ ਚਿੱਠੀ ਲਿਖੀ ਹੈ। ਅਸੀਂ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਕੇਂਦਰੀ ਮੰਤਰੀਆਂ ਨਾਲ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਦੀ ਬੈਠਕ ਕਰੋ। ਸਿਰਫ਼ ਦਿੱਲੀ ਦੇ ਮੁੱਖ ਮੰਤਰੀ ਨਾਲ ਬੈਠਕ ਕਰ ਕੇ ਕੋਈ ਹੱਲ ਨਹੀਂ ਨਿਕਲੇਗਾ।' ਉਨ੍ਹਾਂ ਕਿਹਾ ਕਿ ਦਿੱਲੀ ਵਿਚ ਪ੍ਰਦੂਸ਼ਣ ਸਿਰਫ਼ ਇਕ ਰਾਜ ਕਾਰਨ ਨਹੀਂ ਵਧ ਰਿਹਾ। ਇਸ ਵਿਚ ਸਾਰੇ ਰਾਜਾਂ ਦਾ ਯੋਗਦਾਨ ਹੈ। ਇਸ ਦੀ ਸ਼ੁਰੂਆਤ ਪਾਕਿਸਤਾਨ ਤੋਂ ਹੁੰਦੀ ਹੈ। ਉਥੇ ਪਛਮੀ-ਪੂਰਬੀ ਹਵਾਵਾਂ ਚਲਦੀਆਂ ਹਨ। ਕੇਜਰੀਵਾਲ ਨੇ ਕਲ ਕਿਹਾ ਸੀ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਬਾਰੇ ਉਨ੍ਹਾਂ ਚਿੱਠੀ ਲਿਖੀ ਸੀ ਤੇ ਮੀਟਿੰਗ ਕਰਨ ਲਈ ਕਿਹਾ ਸੀ। (ਏਜੰਸੀ)