
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਨਣਾ ਹੈ ਕਿ ਫੱਲ ਖਾਉ, ਕੰਮ ਦੀ ਚਿੰਤਾ ਨਾ ਕਰੋ।
ਪਾਉਂਟਾ ਸਾਹਿਬ, 6 ਨਵੰਬਰ : ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਨਣਾ ਹੈ ਕਿ ਫੱਲ ਖਾਉ, ਕੰਮ ਦੀ ਚਿੰਤਾ ਨਾ ਕਰੋ। ਇਥੇ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਰਾਹੁਲ ਨੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, 'ਗੀਤਾ ਵਿਚ ਲਿਖਿਆ ਹੈ ਕਿ ਕੰਮ ਕਰੋ, ਫੱਲ ਦੀ ਚਿੰਤਾ ਨਾ ਕਰੋ ਪਰ ਮੋਦੀ ਜੀ ਨੇ ਇਸ ਦਾ ਮਤਲਬ ਕਢਿਆ ਹੈ ਕਿ ਫੱਲ ਖਾ ਜਾਉ ਅਤੇ ਕੰਮ ਦੀ ਚਿੰਤਾ ਨਾ ਕਰੋ।' ਰਾਹੁਲ ਨੇ ਰੈਲੀ ਵਿਚ ਸੈਲਫ਼ੀ ਲੈ ਕੇ ਕਿਹਾ ਕਿ ਉਹ ਦਿਨ ਵੇਖਣਾ ਚਾਹੁੰਦਾ ਹਾਂ ਜਦ ਚੀਨੀ ਲੋਕ ਸੈਲਫ਼ੀ ਲੈਣ ਅਤੇ ਮੋਬਾਈਲ ਪਲਟਣ ਤਾਂ ਉਸ ਉਤੇ ਲਿਖਿਆ ਹੋਵੇ 'ਮੇਡ ਇਨ ਹਿਮਾਚਲ।' ਰਾਹੁਲ ਨੇ ਕਿਹਾ ਕਿ ਮੋਦੀ ਭ੍ਰਿਸ਼ਟਾਚਾਰ ਖ਼ਤਮ ਕਰਨ ਦੀ ਗੱਲ ਕਰਦੇ ਹਨ ਪਰ ਅਮਿਤ ਸ਼ਾਹ ਦੇ ਬੇਟੇ ਬਾਰੇ ਮੂੰਹੋਂ ਇਕ ਸ਼ਬਦ
ਨਹੀਂ ਕਢਦੇ। ਉਨ੍ਹਾਂ ਸਵਾਲ ਕੀਤਾ ਕਿ ਸ਼ਾਹ ਦੇ ਬੇਟੇ ਦੀ ਕੰਪਨੀ 50 ਹਜ਼ਾਰ ਤੋਂ 80 ਹਜ਼ਾਰ ਕਰੋੜ ਦੀ ਕਿਵੇਂ ਹੋ ਗਈ? ਰਾਹੁਲ ਨੇ ਕਿਹਾ ਕਿ ਮੋਦੀ ਕਹਿੰਦੇ ਸੀ ਕਿ ਉਹ ਲੋਕਾਂ ਦੇ ਪੈਸੇ ਦੇ ਚੌਕੀਦਾਰ ਹਨ ਅਤੇ ਕਿਸੇ ਨੂੰ ਖਾਣ ਨਹੀਂ ਦੇਣਗੇ ਪਰ ਉਹ ਚੌਕੀਦਾਰ ਨਹੀਂ ਸਗੋਂ ਭਾਗੀਦਾਰ ਹਨ।ਰਾਹੁਲ ਨੇ ਕਿਹਾ ਕਿ ਦੇਸ਼ ਵਿਚ ਸੈਰ-ਸਪਾਟੇ ਨੂੰ 2000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੋਦੀ ਸਰਕਾਰ ਦੀ ਲੱਚਰ ਨੀਤੀ ਨਾਲ ਦੇਸ਼ ਦੇ ਨਾਲ-ਨਾਲ ਹਿਮਾਚਲ ਵੀ ਡੁਬਿਆ ਹੈ। ਜੀਐਸਟੀ ਨੇ ਵਪਾਰ ਨੂੰ ਡੁਬੋ ਦਿਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਕਾਂਗਰਸ ਸਰਕਾਰ ਬਣਦਿਆਂ ਹੀ ਜੀਐਸਟੀ ਵਿਚ ਬਦਲਾਅ ਕਰਾਂਗੇ। ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਨੇ 2 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਰੁਜ਼ਗਾਰ ਤਾਂ ਦੂਰ, ਨੋਟਬੰਦੀ ਅਤੇ ਜੀਐਸਟੀ ਨੇ ਸੱਭ ਕੁੱਝ ਬਰਬਾਦ ਕਰ ਦਿਤਾ। (ਏਜੰਸੀ)