
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਖ਼ਬਰਦਾਰ ਕੀਤਾ ਹੈ ਕਿ ਜਾਂ ਤਾਂ ਉਹ ਸਿੱਖ ਪੰਥ....
ਨਵੀਂ ਦਿੱਲੀ, 23 ਜਨਵਰੀ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਖ਼ਬਰਦਾਰ ਕੀਤਾ ਹੈ ਕਿ ਜਾਂ ਤਾਂ ਉਹ ਸਿੱਖ ਪੰਥ ਨੂੰ ਸੰਵਿਧਾਨ ਦੀ ਧਾਰਾ 25(ਬੀ) ਵਿਚ ਸੋਧ ਕਰਵਾਉਣ ਦੀ ਮੰਗ ਬਾਰੇ ਅਪਣਾ ਸਾਰਾ ਪ੍ਰੋਗਰਾਮ ਸਪੱਸ਼ਟ ਕਰਨ ਕਿ ਆਖ਼ਰ ਉਹ ਕਿਸ ਤਰ੍ਹਾਂ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਕੋਲੋਂ ਇਸ ਮਸਲੇ ਦਾ ਹੱਲ ਕਰਵਾਉਣਗੇ ਜਾਂ ਫਿਰ ਸਿੱਖਾਂ ਨੂੰ ਇਸ ਮੁੱਦੇ 'ਤੇ ਵਕਤੀ ਤੌਰ 'ਤੇ ਗੁਮਰਾਹ ਕਰਨਾ ਬੰਦ ਕਰ ਦੇਣ ਕਿਉਂਕਿ ਸੰਵਿਧਾਨ ਦੀ ਧਾਰਾ 25 (ਬੀ) ਰਾਹੀਂ ਸਿੱਖਾਂ ਨੂੰ ਹਿੰਦੂਆਂ ਦਾ ਇਕ ਹਿੱਸਾ ਹੀ ਗਰਦਾਨਿਆ ਗਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਫ਼ੋਕੇ ਬਿਆਨਾਂ 'ਤੇ ਹੁਣ ਕੋਈ ਭਰੋਸਾ ਨਹੀਂ ਰਹਿ ਗਿਆ ਕਿਉਂਕਿ ਬੀਤੇ ਵਿਚ ਵੀ ਇਨ੍ਹਾਂ ਨੇ ਧਾਰਾ 25 (ਬੀ) ਦੇ ਮੁੱਦੇ ਨੂੰ ਹੱਲ ਕਰਵਾਉਣ ਦੀ ਬਜਾਏ ਸਿਰਫ਼ ਸੱਤਾ ਦਾ ਆਨੰਦ ਹੀ ਮਾਣਿਆ ਹੈ। ਬੀਤੇ ਵਿਚ ਪੰਜਾਬ ਵਿਚ ਬਾਦਲ ਸਰਕਾਰ ਵੇਲੇ ਥਾਂ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੀਆਂ ਹੋਈਆਂ ਘਟਨਾਵਾਂ ਤੇ ਬਲਾਤਕਾਰੀ ਸੌਦਾ ਸਾਧ ਨੂੰ ਮਾਫ਼ੀ ਦੇਣ ਵਰਗੇ ਪੰਥ ਵਿਰੋਧੀ ਕਾਰਿਆਂ ਨਾਲ ਬਾਦਲ ਦਲ ਸਿੱਖਾਂ ਵਿਚ ਅਪਣੀ ਸਾਖ ਪੂਰੀ ਤਰ੍ਹਾਂ ਗਵਾ ਚੁਕਾ ਹੈ, ਜੇ ਸਿੱਖ ਮੁੜ ਬਾਦਲ ਦਲ ਨਾਲ ਧਾਰਾ 25 ਦੇ ਮੁੱਦੇ 'ਤੇ ਸਹਿਮਤ ਹੁੰਦੇ ਹਨ ਤਾਂ ਇਹ ਮੁੜ ਇਸ ਮੁੱਦੇ ਨੂੰ ਠੰਢੇ ਬਸਤੇ ਵਿਚ ਪਾ ਕੇ, ਅਪਣੀ ਸੱਤਾ ਦੀਆਂ ਰੋਟੀਆਂ ਸੇਕਣ ਤੋਂ ਗੁਰੇਜ਼ ਨਹੀਂ ਕਰਨਗੇ।