
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਹਿਮਾਚਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਨੇ ਸੂਬੇ ਵਿਚ ਅਪਣੀ ਹਾਰ ਮੰਨ ਲਈ ਹੈ
ਕਾਂਗੜਾ, 4 ਨਵੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਹਿਮਾਚਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਨੇ ਸੂਬੇ ਵਿਚ ਅਪਣੀ ਹਾਰ ਮੰਨ ਲਈ ਹੈ ਕਿਉਂਕਿ ਪਾਰਟੀ ਦੇ ਸੀਨੀਅਰ ਆਗੂ ਸੂਬੇ ਵਿਚ ਚੋਣ ਪ੍ਰਚਾਰ ਨਹੀਂ ਕਰ ਰਹੇ ਅਤੇ ਮੌਜੂਦਾ ਮੁੱਖ ਮੰਤਰੀ ਉਮੀਦਵਾਰ ਵੀਰਭੱਦਰ ਸਿੰਘ ਨੂੰ ਉਸ ਦੀ ਹੋਣੀ 'ਤੇ ਹੀ ਛੱਡ ਗਏ ਹਨ।ਸੂਬੇ ਦੇ ਸੱਭ ਤੋਂ ਵੱਡੇ ਜ਼ਿਲ੍ਹੇ ਕਾਂਗੜਾ ਵਿਚ ਚੋਣ ਰੈਲੀ ਦੌਰਾਨ ਮੋਦੀ ਨੇ ਕਿਹਾ ਕਿ ਹਿਮਾਚਲ ਦੇ ਲੋਕ 9 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਵੱਡੇ ਫ਼ਰਕ ਨਾਲ ਜਿੱਤ ਦਿਵਾਉਣ ਤਾਕਿ ਸੂਬੇ 'ਚੋਂ ਭ੍ਰਿਸ਼ਟਾਚਾਰ ਦਾ ਸਫ਼ਾਇਆ ਕੀਤਾ ਜਾ ਸਕੇ। ਕਾਂਗਰਸ ਵਲੋਂ ਨੋਟਬੰਦੀ ਦੀ ਵਰ੍ਹੇਗੰਢ ਨੂੰ ਕਾਲਾ ਦਿਵਸ ਵਜੋਂ ਮਨਾਉਣ ਦੇ ਫ਼ੈਸਲੇ ਬਾਰੇ ਮੋਦੀ ਨੇ ਕਿਹਾ ਕਿ ਕਾਂਗਰਸ ਹੁਣ ਕਾਲਾਧਨ ਦਿਵਸ ਵੀ ਮਨਾਏਗੀ ਅਤੇ ਉਸ ਦਾ ਪੁਤਲਾ ਵੀ ਸਾੜੇਗੀ ਕਿਉਂਕਿ ਕਾਂਗਰਸ, ਉਸ ਦੀ ਭ੍ਰਿਸ਼ਟਾਚਾਰ ਵਿਰੋਧੀ ਲੜਾਈ ਤੋਂ ਨਾਰਾਜ਼ ਹੈ। ਉਨ੍ਹਾਂ ਕਿਹਾ, 'ਮੈਂ ਪਟੇਲ ਦਾ ਚੇਲਾ ਹਾਂ। ਕਿਸੇ ਅੱਗੇ ਝੁਕਣ ਵਾਲਾ ਨਹੀਂ ਤੇ ਨਾ ਹੀ ਪੁਤਲੇ ਸਾੜੇ ਜਾਣ ਤੋਂ ਡਰਨ ਵਾਲਾ ਹਾਂ।'
ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਗ਼ਰੀਬ ਅਤੇ ਮੱਧ ਵਰਗੀ ਲੋਕਾਂ ਨੂੰ ਮੁੜ ਕੰਮ ਮਿਲਿਆ ਹੈ ਅਤੇ ਬੇਈਮਾਨ ਲੋਕ ਉਨ੍ਹਾਂ ਤੋਂ ਕਾਫ਼ੀ ਨਾਰਾਜ਼ ਹਨ ਤੇ ਇਹ ਲੋਕ ਉਨ੍ਹਾਂ ਤੋਂ ਬਦਲਾ ਲੈਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਬੇਈਮਾਨ ਲੋਕਾਂ ਨੂੰ ਬੈਂਕਾਂ ਵਿਚ ਪੈਸਾ ਜਮ੍ਹਾਂ ਕਰਾਉਣ ਲਈ ਮਜਬੂਰ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਜਦ ਪ੍ਰੇਮ ਕੁਮਾਰ ਧੂਮਲ ਮੁੱਖ ਮੰਤਰੀ ਅਤੇ ਅਟਲ ਬਿਹਾਰੀ ਵਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਉਸ ਸਮੇਂ ਹਿਮਾਚਲ ਨੇ ਕਾਫ਼ੀ ਤਰੱਕੀ ਕੀਤੀ ਸੀ ਕਿਉਂਕਿ ਉਸ ਸਮੇਂ ਕੇਂਦਰ ਸਰਕਾਰ ਵਲੋਂ ਹਿਮਾਚਲ ਲਈ ਦਿਤੀ ਜਾਂਦੀ ਵਿੱਤੀ ਮਦਦ ਨੂੰ ਧੂਮਲ ਹਿਮਾਚਲ ਦੇ ਵਿਕਾਸ ਲਈ ਵਰਤਦੇ ਸਨ। ਮੋਦੀ ਨੇ ਕਿਹਾ ਕਿ ਉਹ ਅਤੇ ਹਿਮਾਚਲ ਵਿਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਧੂਮਲ ਹਿਮਾਚਲ ਨੂੰ ਵਿਕਾਸ ਦੇ ਨਵੇਂ ਸਿਖਰਾਂ 'ਤੇ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਹਿਮਾਚਲ ਵਿਚ ਮੁਢਲੇ ਢਾਂਚੇ ਅਤੇ ਸੈਰ-ਸਪਾਟਾ ਖੇਤਰ ਵਿਚ ਉਤਸ਼ਾਹ ਭਰਨ ਦੀ ਲੋੜ ਹੈ। (ਪੀ.ਟੀ.ਆਈ.)