
ਅਮਰਜੀਤ ਸਿੰਘ ਕਿਸਾਨਾਂ ਨਾਲ ਵਾਅਦਾ ਕਰਕੇ ਆਏ ਸਨ ਕਿ ਉਹ ਜਲਦੀ ਹੀ ਮੁੜ ਸੰਘਰਸ਼ ’ਚ ਸ਼ਾਮਲ ਹੋਣਗੇ।
ਦਸੂਹਾ: ਦਿੱਲੀ ਵਿਖੇ ਕਿਸਾਨਾਂ ਦਾ ਖੇਤੀ ਸਬੰਧੀ ਤਿੰਨ ਕਾਨੂੰਨਾਂ ਵਿਰੁੱਧ ਸੰਘਰਸ਼ ਚੱਲ ਰਿਹਾ ਹੈ। ਇਸ ਸੰਘਰਸ਼ ਦੌਰਾਨ ਦਸੂਹਾ ਦੇ ਮੁਹੱਲਾਂ ਕੈਥਾਂ ਵਾਰਡ ਨੰ. 13 ਦੇ ਅਮਰਜੀਤ ਸਿੰਘ ਪੁੱਤਰ ਚੂਹਡ਼ਸਿੰਘ, ਜੋ ਆਪਣੇ ਸਾਥੀਆਂ ਸਮੇਤ ਦਿੱਲੀ ਵਿਖੇ ਰਾਸ਼ਨ ਸਮੱਗਰੀ ਵੰਡਣ ਗਏ ਸੀ, ਜਦੋਂ ਉਹ 29 ਦਸੰਬਰ ਨੂੰ ਵਾਪਸ ਆਏ ਤਾਂ ਥੋੜ੍ਹਾ ਸਮਾਂ ਬੀਮਾਰ ਹੋਣ ’ਤੇ ਉਨ੍ਹਾਂ ਦੀ ਮੌਤ ਹੋ ਗਈ।
ਇਸ ਸਬੰਧੀ ਬਲਵੀਰ ਸਿੰਘ, ਲੱਖਾ ਸਿੰਘ, ਸੋਨੂੰ ਭੰਡਾਰੀ, ਜੋ ਇਸ ਕਿਸਾਨ ਦੇ ਨਾਲ ਗਏ ਸਨ, ਉਹਨਾਂ ਨੇ ਦੱਸਿਆ ਕਿ ਉਨ੍ਹਾਂ ’ਚ ਕਾਫ਼ੀ ਜਜ਼ਬਾ ਦੇਖਿਆ ਗਿਆ ਅਤੇ ਉਹ ਕਿਸਾਨਾਂ ਨਾਲ ਵਾਅਦਾ ਕਰਕੇ ਆਏ ਕਿ ਉਹ ਜਲਦੀ ਹੀ ਮੁੜ ਸੰਘਰਸ਼ ’ਚ ਸ਼ਾਮਲ ਹੋਣਗੇ।
ਇਸ ਸਬੰਧੀ ਅਕਾਲੀ ਦਲ ਬਾਦਲ ਦੇ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਕੈਰੇ, ਲੁਬਾਣਾ ਸਭਾ ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਐਡਵੋਕੇਟ ਕਰਮਬੀਰ ਸਿੰਘ ਘੁੰਮਣ, ਬਾਬਾ ਬੋਹੜ, ਅਮਰਪ੍ਰੀਤ ਸਿੰਘ ਸੋਨੂੰ ਖ਼ਾਲਸਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਦੀ ਲਗਭਗ 50 ਲੱਖ ਰੁਪਏ ਦੀ ਸਹਾਇਤਾ ਕੀਤੀ ਜਾਵੇ, ਕਿਉਂਕਿ ਉਹ ਕਿਸਾਨ ਸੰਘਰਸ਼ ’ਚ ਹੀ ਸ਼ਹੀਦ ਹੋਏ ਹਨ।