
ਕਿਸਾਨ ਅੰਦੋਲਨ ਨੇ ਹੀ ਅੰਬਾਨੀ ਨੂੰ ਚੌਥੇ ਤੋਂ 11ਵੇਂ ਸਥਾਨ 'ਤੇ ਪਹੰੁਚਾਇਆ : ਸੁਰਜੀਤ ਫੂਲ
ਕਿਹਾ, ਦੇਖਣਾ ਛੇਤੀ ਹੀ ਅੰਬਾਨੀ ਤੇ ਅਡਾਨੀ ਹੀ ਖ਼ੁਦ ਮੋਦੀ ਨੂੰ ਕਹਿਣਗੇ ਖੇਤੀ ਕਾਨੂੰਨਾਂ ਤੋਂ ਖਹਿੜਾ ਛੁਡਾਉ
ਚੰਡੀਗੜ੍ਹ, 31 ਦਸੰਬਰ (ਗੁਰਉਪਦੇਸ਼ ਭੁੱਲਰ) : ਦਿੱਲੀ ਮੋਰਚੇ ਦੀ ਅਗਵਾਈ ਕਰ ਰਹੀਆਂ ਸੰਘਰਸ਼ ਸ਼ੀਲ ਕਿਸਾਨ ਜਥੇਬੰਦੀਆਂ ਦੇ ਇਕ ਪ੍ਰਮੁੱਖ ਆਗੂ ਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਵੱਡਾ ਦਾਅਵਾ ਕੀਤਾ ਹੈ |
ਉਨ੍ਹਾਂ ਕਿਹਾ ਕਿ ਇਹ ਕਿਸਾਨ ਅੰਦੋਲਨ ਦਾ ਹੀ ਨਤੀਜਾ ਹੈ ਕਿ ਵੱਡੇ ਪੂੰਜੀਪਤੀ ਅੰਬਾਨੀ ਨੂੰ ਦੁਨੀਆਂ ਭਰ ਦੇ ਅਮੀਰ ਕਾਰੋਬਾਰੀਆਂ ਦੀ ਸੂਚੀ 'ਚ ਚੌਥੀ ਥਾਂ ਤੋਂ 11 ਵੇਂ ਸਥਾਨ 'ਤੇ ਪਹੁੰਚਾ ਦਿਤਾ ਹੈ ਅਤੇ ਉਹ ਦੁਨੀਆਂ ਦੇ ਟਾਪ ਟੈਨ ਅਮੀਰਾਂ ਦੀ ਕਤਾਰ 'ਚੋਂ ਬਾਹਰ ਹੋ ਗਿਆ ਹੈ | ਫੂਲ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਨੇ ਅੰਬਾਨੀ ਤੇ ਅਡਾਨੀ ਵਰਗੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਕਹਿਣ 'ਤੇ ਹੀ ਕੇਂਦਰੀ ਖੇਤੀ ਕਾਨੂੰਨ ਬਣਵਾਏ | ਇਸ ਕਾਰਨ ਹੀ ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਵੱਡੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਸ਼ਰੂ ਤੋਂ ਹੀ ਸਿੱਧਾ ਅੰਦੋਲਨ ਛੇੜ ਦਿਤਾ ਸੀ |
ਇਸ ਕਾਰਨ 3 ਮਹੀਨੇ ਦੇ ਸਮੇਂ 'ਚ ਇਨ੍ਹਾਂ ਘਰਾਣਿਆਂ ਦੇ ਕਾਰੋਬਾਰਾਂ ਅੇੱਗੇ ਰੋਸ਼ ਮੁਜ਼ਾਹਰਿਆਂ ਤੇ ਬਾਈਕਾਟ ਕਾਰਨ ਇਨ੍ਹਾਂ ਨੂੰ ਕਰੋੜਾਂ-ਅਰਬਾਂ ਰੁਪਏ ਦਾ ਵੱਡਾ ਨੁਕਸਾਨ ਹੋ ਚੁੱਕਾ ਹੈ ਤੇ ਇਸ ਕਾਰਨ ਹੀ ਅੰਬਾਨੀ ਦੀ ਆਮਦਨ ਇਕ ਦਸ ਘਟੀ ਹੈ | ਕਿਸਾਨ ਆਗੂ ਨੇ ਕਿਹਾ ਕਿ ਜਿਸ ਤਰ੍ਹਾਂ ਕਿਸਾਨ ਅੰਦੋਲਨ ਨਾਲ ਇਨ੍ਹਾਂ ਵੱਡੇ ਪੂੰਜੀਪਤੀਆਂ ਨੂੰ ਨੁਕਸਾਨ ਹੋ ਰਿਹਾ ਹੈ, ਉਸ ਤੋੋਂ ਬਾਅਦ ਦੇਖਣਾ ਛੇਤੀ ਹੀ ਇਹ ਵੀ ਖ਼ੁਦ ਹੀ ਮੋਦੀ ਨੂੰ ਕਹਿਣਗੇ ਕਿ ਇਨ੍ਹਾਂ ਖੇਤੀ ਕਾਨੂੰਨਾਂ ਤੋਂ ਸਾਡਾ ਛੇਤੀ ਖਹਿੜਾ ਛੁਡਾਉ | ਇਸ ਕਰ ਕੇ ਕਿਸਾਨ ਮੋਰਚੇ ਦੀ ਜਿੱਤ ਪੱਕੀ ਹੈ | ਫੂਲ ਨੇ ਇਹ ਵੀ ਦਸਿਆ ਕਿ ਹੁਣ ਪੰਜਾਬ ਦੇ ਹਰਿਆਣਾ ਤੋਂ ਬਾਅਦ ਦੇਸ਼ ਦੇ ਹੋਰ ਰਾਜਾਂ 'ਚ ਵੀ ਕਿਸਾਨ ਜਥੇਬੰਦੀਆਂ ਨੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਮੁਹਿੰਮ ਤੇਜ਼ ਕਰਨ ਦੀ ਯੋਜਨਾ ਬਣਾ ਰਹੀਆਂ ਹਨ |