
ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ ਅੱਜ ਅਤੇ ਮੰਗਲਵਾਰ ਨੂੰ ਪੰਜਾਬ 'ਚ ਮੌਸਮ ਖੁਸ਼ਕ ਰਹੇਗਾ।
Punjab Weather: ਪੰਜਾਬ ਵਿਚ ਲੋਕਾਂ ਦੇ ਨਵੇਂ ਸਾਲ ਦੀ ਸ਼ੁਰੂਆਤ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਨਾਲ ਹੋਈ ਹੈ। ਸੂਬੇ 'ਚ 80 ਥਾਵਾਂ 'ਤੇ ਲੋਕਾਂ ਨੂੰ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰ ਪਾਸੇ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿਤੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਸੂਬੇ ਵਿਚ ਆਂਗਣਵਾੜੀ ਕੇਂਦਰਾਂ ਦਾ ਸਮਾਂ ਵੀ ਬਦਲ ਦਿਤਾ ਹੈ। ਹੁਣ ਆਂਗਣਵਾੜੀ ਕੇਂਦਰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤਕ ਖੁੱਲ੍ਹਣਗੇ। ਇਹ ਹੁਕਮ 14 ਜਨਵਰੀ ਤਕ ਲਾਗੂ ਰਹੇਗਾ।
ਪਿਛਲੇ ਕੁੱਝ ਸਮੇਂ ਤੋਂ ਪੰਜਾਬ ਦੇ ਸਾਰੇ ਖੇਤਰਾਂ ਵਿਚ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਸਾਰੇ ਜ਼ਿਲ੍ਹਿਆਂ ਵਿਚ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਪੂਰੇ ਸੂਬੇ ਵਿਚ ਸੱਭ ਤੋਂ ਵੱਧ ਤਾਪਮਾਨ ਫਰੀਦਕੋਟ ਵਿਚ 14.3 ਡਿਗਰੀ ਰਿਹਾ। ਜਦਕਿ ਬਾਕੀ ਸਾਰੀਆਂ ਥਾਵਾਂ 'ਤੇ ਤਾਪਮਾਨ ਡਿਗਿਆ ਹੈ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ ਅੱਜ ਅਤੇ ਮੰਗਲਵਾਰ ਨੂੰ ਪੰਜਾਬ 'ਚ ਮੌਸਮ ਖੁਸ਼ਕ ਰਹੇਗਾ। ਇਸ ਦੇ ਨਾਲ ਹੀ ਸੂਬੇ ਦੇ ਘੱਟੋ-ਘੱਟ ਤਾਪਮਾਨ 'ਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ। 31 ਥਾਵਾਂ 'ਤੇ ਧੁੰਦ ਅਤੇ ਇਸ ਤੋਂ ਬਾਅਦ ਜ਼ਿਆਦਾਤਰ ਥਾਵਾਂ 'ਤੇ ਸੰਘਣੀ ਧੁੰਦ ਛਾਈ ਰਹੇਗੀ। ਇਨ੍ਹਾਂ ਥਾਵਾਂ ’ਤੇ ਪੰਜਾਬ ਦੀਆਂ ਜ਼ਿਆਦਾਤਰ ਤਹਿਸੀਲਾਂ ਅਧੀਨ ਆਉਂਦੇ ਇਲਾਕਿਆਂ ਵਿਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਵੱਧ ਤੋਂ ਵੱਧ ਤਾਪਮਾਨ ਵਿਚ ਪਿਛਲੇ ਦਿਨ ਦੇ ਮੁਕਾਬਲੇ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜੋ ਕਿ ਆਮ ਤਾਪਮਾਨ ਨਾਲੋਂ 6.7 ਡਿਗਰੀ ਘੱਟ ਸੀ।
ਪੰਜਾਬ ’ਚ ਅੱਜ ਸਵੇਰੇ 10 ਵਜੇ ਖੁਲ੍ਹਣਗੇ ਸਕੂਲ
ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ 1 ਜਨਵਰੀ, 2024 ਤੋਂ ਸਕੂਲ ਖੁਲ੍ਹਣ ਦਾ ਸਮਾਂ ਸਵੇਰੇ 10 ਵਜੇ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਦਸਿਆ ਕਿ ਸੂਬੇ ਦੇ ਸਾਰੇ ਸਕੂਲ 1 ਜਨਵਰੀ 2024 ਨੂੰ ਸਵੇਰੇ 10 ਵਜੇ ਖੁੱਲ੍ਹਣਗੇ ਅਤੇ ਬਾਅਦ ਦੁਪਹਿਰ 3 ਵਜੇ ਬੰਦ ਹੋਣਗੇ। ਸਮਾਂ ਤਬਦੀਲੀ ਸਬੰਧੀ ਇਹ ਹੁਕਮ 14 ਜਨਵਰੀ 2024 ਤਕ ਲਾਗੂ ਰਹਿਣਗੇ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।