
ਇਹ ਚਰਚਾ ਸਮੁੱਚੇ ਅੰਦੋਲਨ ਦੇ ਸੰਦਰਭ ’ਚ ਸੀ : ਅਭਿਮਨਿਊ ਕੋਹਾੜ
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਲੈਣ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸਾਬਕਾ ਵਧੀਕ ਡੀ.ਜੀ.ਪੀ. ਜਸਕਰਨ ਸਿੰਘ ਨੇ ਦਸਿਆ ਕਿ ਇਸ ਸਬੰਧੀ ਕਿਸਾਨ ਆਗੂਆਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਪਿਛਲੇ ਕੁੱਝ ਦਿਨਾਂ ਤੋਂ ਜਸਕਰਨ ਸਿੰਘ ਦੀ ਅਗਵਾਈ ਵਾਲੀ ਟੀਮ ਡੱਲੇਵਾਲ ਨੂੰ ਸੂਬਾ ਸਰਕਾਰ ਵਲੋਂ ਡਾਕਟਰੀ ਸਹਾਇਤਾ ਲੈਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਡੱਲੇਵਾਲ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਨੂੰ ਬੁਧਵਾਰ ਨੂੰ 37 ਦਿਨ ਪੂਰੇ ਹੋ ਗਏ ਪਰ ਉਨ੍ਹਾਂ ਨੇ ਡਾਕਟਰੀ ਸਹਾਇਤਾ ਲੈਣ ਤੋਂ ਇਨਕਾਰ ਕਰ ਦਿਤਾ ਹੈ।
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਡੱਲੇਵਾਲ ਨੂੰ ਹਸਪਤਾਲ ’ਚ ਦਾਖਲ ਕਰਵਾਉਣ ਲਈ 31 ਦਸੰਬਰ ਤਕ ਦਾ ਸਮਾਂ ਦਿਤਾ ਸੀ ਅਤੇ ਲੋੜ ਪੈਣ ’ਤੇ ਕੇਂਦਰ ਤੋਂ ਲੌਜਿਸਟਿਕ ਸਹਾਇਤਾ ਲੈਣ ਦੀ ਆਜ਼ਾਦੀ ਦਿਤੀ ਸੀ। ਸੁਪਰੀਮ ਕੋਰਟ ਨੇ ਡੱਲੇਵਾਲ ਨੂੰ ਹਸਪਤਾਲ ’ਚ ਦਾਖਲ ਕਰਨ ਦੇ ਅਪਣੇ ਹੁਕਮ ਦੀ ਪਾਲਣਾ ਕਰਨ ’ਤੇ ਮਾਮਲੇ ਨੂੰ 2 ਜਨਵਰੀ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਸੀ। ਪੰਜਾਬ ਸਰਕਾਰ ਨੇ ਛੁੱਟੀਆਂ ਵਾਲੇ ਬੈਂਚ ਨੂੰ ਸੂਚਿਤ ਕੀਤਾ ਸੀ ਕਿ ਡੱਲੇਵਾਲ ਡਾਕਟਰੀ ਸਹਾਇਤਾ ਲਈ ਸਹਿਮਤ ਹੋ ਗਏ ਹਨ ਬਸ਼ਰਤੇ ਕੇਂਦਰ ਗੱਲਬਾਤ ਕਰਨ ਦੇ ਉਨ੍ਹਾਂ ਦੇ ਪ੍ਰਸਤਾਵ ਨੂੰ ਮਨਜ਼ੂਰ ਕਰ ਲਵੇ।
ਪੰਜਾਬ ਪੁਲਿਸ ਦੇ ਸੇਵਾਮੁਕਤ ਅਧਿਕਾਰੀ ਜਸਕਰਨ ਸਿੰਘ ਨੇ ਬੁਧਵਾਰ ਸ਼ਾਮ ਨੂੰ ਖਨੌਰੀ ਬਾਰਡਰ ’ਤੇ ਡੱਲੇਵਾਲ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਉਨ੍ਹਾਂ ਨਾਲ ਉਨ੍ਹਾਂ ਦੀ ਸਿਹਤ ਬਾਰੇ ਗੱਲ ਕੀਤੀ। ਅਸੀਂ ਕੁੱਝ ਦਿਨ ਪਹਿਲਾਂ ਉਸ ਦਾ ਖੂਨ ਦਾ ਟੈਸਟ ਕੀਤਾ ਸੀ। ਅਸੀਂ ਉਨ੍ਹਾਂ ਨੂੰ ਇਕ ਵਾਰ ਅਪੀਲ ਕੀਤੀ ਸੀ ਕਿ ਜੇਕਰ ਉਹ ਭੁੱਖ ਹੜਤਾਲ ਨਹੀਂ ਤੋੜਨਾ ਚਾਹੁੰਦੇ ਤਾਂ ਘੱਟੋ-ਘੱਟ ਡਾਕਟਰੀ ਮਦਦ ਲਓ।’’ ਉਨ੍ਹਾਂ ਨੇ ਕਿਸਾਨ ਨੇਤਾਵਾਂ ਨਾਲ ਦੋ ਦੌਰ ਦੀਆਂ ਮੀਟਿੰਗਾਂ ਵੀ ਕੀਤੀਆਂ।
ਇਹ ਪੁੱਛੇ ਜਾਣ ’ਤੇ ਕਿ ਕੀ ਸਰਕਾਰ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਵਿਚਾਲੇ ਬੈਠਕ ਹੋ ਸਕਦੀ ਹੈ, ਜਸਕਰਨ ਸਿੰਘ ਨੇ ਕਿਹਾ, ‘‘ਜਦੋਂ ਵੀ ਅਸੀਂ ਕਿਸੇ ਸਿੱਟੇ ’ਤੇ ਪਹੁੰਚਾਂਗੇ ਤਾਂ ਅਸੀਂ ਸੂਚਿਤ ਕਰਾਂਗੇ।’’ ਇਸ ਮੌਕੇ ਉਨ੍ਹਾਂ ਨਾਲ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਵੀ ਮੌਜੂਦ ਸਨ।
ਹਾਲਾਂਕਿ ਉਨ੍ਹਾਂ ਕਿਹਾ ਕਿ ਬੁਧਵਾਰ ਨੂੰ ਕਿਸਾਨ ਨੇਤਾਵਾਂ ਨਾਲ ਗੱਲਬਾਤ ਸਕਾਰਾਤਮਕ ਰਹੀ। ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕਿਹਾ ਕਿ ਇਹ ਚਰਚਾ ਸਮੁੱਚੇ ਅੰਦੋਲਨ ਦੇ ਸੰਦਰਭ ’ਚ ਸੀ।