
2019 ਦਾ ਬਜਟ ਰਿਹਾ ਕਿਸਾਨਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਲਈ ਨਿਰਾਸ਼ਾਜਨਕ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਵਲੋਂ ਅੰਤਰਿਮ ਬਜਟ 2019 ਨੂੰ ਇਕ ਲੋਕ ਲਭਾਊ ਬਜਟ ਕਰਾਰ ਦਿਤਾ ਗਿਆ। ‘ਆਪ‘ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿਚ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਕਾਰਜਕਾਲ ਦਾ ਇਹ ਆਖ਼ਰੀ ਬਜਟ ਇਕ ਲੋਕ ਲਭਾਊ ਬਜਟ ਹੈ ਜੋ 2019 ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਤਿਆਰ ਕੀਤਾ ਗਿਆ ਹੈ।
ਇਸ ਦਾ ਇਕੋ ਇਕ ਉਦੇਸ਼ ਹੈ ਆਮ ਲੋਕਾਂ ਨੂੰ ਪਹਿਲਾਂ ਵਾਂਗ ਜੁਮਲੇਬਾਜ਼ੀ ਰਾਹੀਂ ਲੁਭਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਮੋਦੀ ਸਰਕਾਰ ਇਸ ਵਿਚ ਕਦੇ ਕਾਮਯਾਬ ਨਹੀਂ ਹੋ ਸਕੇਗੀ, ਕਿਉਂਕਿ ਪਿਛਲੇ ਚਾਰ ਬਜਟ ਵੀ ਇਸੇ ਸਰਕਾਰ ਨੇ ਪੇਸ਼ ਕੀਤੇ ਸਨ ਜਿੰਨਾ ਨੇ ਆਮ ਆਦਮੀ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਜਿਸ ਕਾਰਨ ਆਮ ਲੋਕ ਇਸ ਸਰਕਾਰ ਤੋਂ ਦੁਖੀ ਅਤੇ ਨਿਰਾਸ਼ ਹਨ ਅਤੇ ਇਸ ਗ਼ੁੱਸੇ ਤੋਂ ਬਚਣ ਲਈ ਸਰਕਾਰ ਨੇ ਇਹ ਲੋਕ ਲਭਾਊ ਬਜਟ ਪੇਸ਼ ਕੀਤਾ ਹੈ।
ਭਗਵੰਤ ਮਾਨ ਨੇ ਕਿਹਾ ਕੀ ‘ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ‘ ਯੋਜਨਾ ਤਹਿਤ 2 ਹੈਕਟੇਅਰ (ਪੰਜ ਏਕੜ) ਤੱਕ ਜ਼ਮੀਨ ਵਾਲੇ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੇਣਾ ਉਨ੍ਹਾਂ ਦੇ ਜ਼ਖ਼ਮਾਂ ਉੱਪਰ ਲੂਣ ਸੁੱਟਣ ਬਰਾਬਰ ਹੈ, ਕਿਉਂਕਿ ਇਸ ਸਮੇਂ ਕਿਸਾਨੀ ਨੂੰ ਸੰਕਟ ਵਿਚੋਂ ਕੱਢਣ ਲਈ ਫ਼ੌਰੀ ਪੂਰਣ ਕਰਜ਼ਾ ਮੁਆਫ਼ੀ ਅਤੇ ਸਵਾਮੀਨਾਥਨ ਦੀਆਂ ਰਿਪੋਰਟਾਂ ਅਨੁਸਾਰ ਫ਼ਸਲਾਂ ਦੇ ਸਹੀਂ ਭਾਅ ਦੇਣ ਦੀ ਲੋੜ ਹੈ। ਪਰ ਸਰਕਾਰ ਅਜਿਹਾ ਕਰਨ ਤੋਂ ਲਗਾਤਾਰ ਪਿੱਛੇ ਹਟਦੀ ਆ ਰਹੀ ਹੈ।
ਉਨ੍ਹਾਂ ਮੰਗ ਕੀਤੀ ਕੀ ਮੋਦੀ ਸਰਕਾਰ ਅਪਣੇ ਕੀਤੇ ਵਾਅਦੇ ਮੁਤਾਬਿਕ ਸਵਾਮੀਨਾਥਨ ਰਿਪੋਰਟ ਲਾਗੂ ਕਰੇ ਨਾ ਕੀ ਮਾਮੂਲੀ ਰਾਹਤ ਪੈਕੇਜ ਦੇ ਕੇ ਸੰਕਟ ਨੂੰ ਹੋਰ ਗੰਭੀਰ ਨਾ ਬਣਾਏ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦਾ ਭਵਿੱਖ ਕਹੇ ਜਾਣ ਵਾਲੇ ਨੌਜਵਾਨਾਂ ਨੂੰ ਬਜਟ ਵਿਚੋਂ ਬਿਲਕੁਲ ਨਜ਼ਰਅੰਦਾਜ਼ ਕਰ ਦਿਤਾ ਹੈ ਅਤੇ ਉਨ੍ਹਾਂ ਲਈ ਕਿਸੇ ਤਰ੍ਹਾਂ ਦਾ ਕੋਈ ਐਲਾਨ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਉਹ ਭਾਜਪਾ ਸਰਕਾਰ ਹੈ ਜਿਸ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਨੌਜਵਾਨਾਂ ਨਾਲ ਹਰ ਸਾਲ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ ਸੀ,
ਪਰੰਤੂ ਪੰਜ ਸਾਲ ਪੂਰੇ ਹੋਣ ਵਾਲੇ ਹਨ ਮੋਦੀ ਸਰਕਾਰ ਨੌਜਵਾਨਾਂ ਨੂੰ ਨੌਕਰੀ ਮੁਹੱਈਆ ਨਹੀਂ ਕਰਵਾ ਸਕੀ। ਜਿਸ ਕਾਰਨ ਨਿਰਾਸ਼ ਹੋ ਕੇ ਨੌਜਵਾਨ ਵਿਦੇਸ਼ਾਂ ਵਿਚ ਜਾਣ ਲਈ ਮਜਬੂਰ ਹੋ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਬਜਟ ਵਿਚ ਵਿਦਿਆਰਥੀ ਵਰਗ ਨੂੰ ਵੀ ਨਿਰਾਸ਼ ਕੀਤਾ ਹੈ। ਸਰਕਾਰ ਨੇ 2014 ਤੋਂ ਰੁਕੀਆਂ ਯੂਨੀਵਰਸਿਟੀਆਂ ਦੀਆਂ ਗਰਾਂਟਾਂ ਨੂੰ ਨਾ ਜਾਰੀ ਕਰਨਾ ਦਰਸਾਉਂਦਾ ਹੈ ਕਿ ਉਹ ਸਿੱਖਿਆ ਪ੍ਰਤੀ ਕਿੰਨੀ ਕੁ ਗੰਭੀਰ ਹੈ।
ਯੂਨੀਵਰਸਿਟੀਆਂ ਨੂੰ ਗਰਾਂਟ ਜਾਰੀ ਨਾ ਕਰਨ ਕਰਕੇ ਉਨ੍ਹਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਵਿਦਿਆਰਥੀਆਂ ਉੱਪਰ ਨਜਾਇਜ਼ ਜ਼ੁਰਮਾਨੇ ਪਾ ਕੇ ਕਿਵੇਂ ਨਾ ਕਿਵੇਂ ਆਈ ਚਲਾਈ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਆਖਰੀ ਬਜਟ ਕਿਸਾਨਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਲਈ ਨਿਰਾਸ਼ਾਜਨਕ ਹੈ। ਇਸ ਦਾ ਬਦਲਾ ਉਹ 2019 ਚੋਣਾਂ ਵਿਚ ਮੋਦੀ ਸਰਕਾਰ ਨੂੰ ਸੱਤਾ ਵਿਚੋਂ ਹਟਾ ਕੇ ਜ਼ਰੂਰ ਲੈਣਗੇ।