
ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਵਾਲੇ ਪੰਜਾਬ ਦੇ ਪ੍ਰਸਿੱਧ ਗਾਇਕ ਜੱਸੀ ਜਸਰਾਜ ਨੇ ਅੱਜ...
ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਵਾਲੇ ਪੰਜਾਬ ਦੇ ਪ੍ਰਸਿੱਧ ਗਾਇਕ ਜੱਸੀ ਜਸਰਾਜ ਨੇ ਅੱਜ ਪ੍ਰੈੱਸ ਕਾਨਫਰੰਸ ‘ਤੇ ਲਾਈਵ ਹੋ ਕੇ ਦੱਸਿਆ ਕਿ ਕੇਜਰੀਵਾਲ ਅਤੇ ਐਚਐਸ ਫੂਲਕਾ ਵਲੋਂ ਪ੍ਰੇਰਿਤ ਕਰਨ ‘ਤੇ ਉਨ੍ਹਾਂ ਨੇ 9 ਜਨਵਰੀ 2014 ਨੂੰ ਆਮ ਆਦਮੀ ਪਾਰਟੀ ਵਿਚ ਜੁਆਇਨ ਕੀਤਾ ਸੀ। ਉਨ੍ਹਾਂ ਦੱਸਿਆ ਕਿ ਜਿੱਥੇ ਵੀ ਆਮ ਆਦਮੀ ਪਾਰਟੀ ਨੇ ਚੋਣ ਲੜੀ ਉੱਥੇ ਹੀ ਉਨ੍ਹਾਂ ਦਾ ਗੀਤ ਚਲਾਇਆ ਗਿਆ।
ਜੋ ਵੀ ਅਪਣੀ ਆਵਾਜ਼ ਅਪਣੀ ਕਲਮ ਰਾਹੀਂ ਪਾਰਟੀ ਨੂੰ ਦੇ ਸਕਦਾ ਸੀ ਉਹ ਦਿਤਾ। ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦੇ ਗਾਣੇ ਇਨਕਲਾਬ, ਇਨਕਲਾਬ-2 ਨਾਲ ਪਾਰਟੀ ਨੂੰ ਬਹੁਤ ਫ਼ਾਇਦਾ ਹੋਇਆ ਸੀ ਪਰ ਜੇਕਰ ਹੁਣ ਪਾਰਟੀ ਵਲੋਂ ਉਨ੍ਹਾਂ ਦਾ ਕੋਈ ਵੀ ਗਾਣਾ ਚਲਾਇਆ ਗਿਆ ਤਾਂ ਪਾਰਟੀ ‘ਤੇ ਇਕ ਵਾਰ ਗਾਣਾ ਚਲਾਉਣ ਦਾ 5 ਕਰੋੜ ਦਾ ਦਾਅਵਾ ਠੋਕਾਂਗੇ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਅੱਜ ਪਾਰਟੀ ਦੀ ਮੈਂਬਰਸ਼ਿਪ ਅਤੇ ਸਾਰਿਆਂ ਅਹੁਦਿਆਂ ਤੋਂ ਅਸਤੀਫ਼ਾ ਦੇ ਰਿਹਾ ਹਾਂ।
ਉਨ੍ਹਾਂ ਦੱਸਿਆ ਕਿ 4 ਅਪ੍ਰੈਲ ਨੂੰ ਬਠਿੰਡਾ ਤੋਂ ਉਨ੍ਹਾਂ ਨੂੰ ਚੋਣ ਲੜਨ ਲਈ ਟਿਕਟ ਦਿਤੀ ਗਈ। ਉਸ ਸਮੇਂ ਅਰਵਿੰਦ ਕੇਜਰੀਵਾਲ ਨੇ 10-11 ਵਾਰ ਪੰਜਾਬ ਦਾ ਦੌਰਾ ਕੀਤਾ ਪਰ ਇਕ ਵਾਰ ਵੀ ਬਠਿੰਡਾ ਨਹੀਂ ਆਏ, ਸਗੋਂ ਇਹ ਕਹਿ ਕਿ ਟਾਲ ਦਿਤਾ ਕਿ ਬਠਿੰਡਾ ਦਾ ਦੌਰਾ ਸ਼ੈਡਿਊਲ ਵਿਚ ਨਹੀਂ ਹੈ। ਇਸ ਬਾਰੇ ਭਗਵੰਤ ਮਾਨ ਨੂੰ ਵੀ ਬੇਨਤੀ ਕਰ ਕੇ ਕਿਹਾ ਗਿਆ ਕਿ ਘੱਟੋਂ-ਘੱਟ ਉਹ ਜ਼ਰੂਰ ਇਕ ਵਾਰ ਬਠਿੰਡਾ ਦਾ ਦੌਰਾ ਕਰਨ ਪਰ ਉਨ੍ਹਾਂ ਵਲੋਂ ਵੀ ਨਾਂਹ ਹੀ ਸੁਣਨ ਨੂੰ ਮਿਲੀ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਸੁਖਪਾਲ ਖਹਿਰਾ ਵੀ ਜਦੋਂ ਪੰਜਾਬ ਦੇ ਹਿੱਤਾਂ ਲਈ ਚੰਗਾ ਕੰਮ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿਤਾ ਗਿਆ। ਉਨ੍ਹਾਂ ਦੱਸਿਆ ਕਿ 17 ਜਨਵਰੀ 2019 ਨੂੰ ਬਰਨਾਲਾ ਰੈਲੀ ਤੋਂ ਪਹਿਲਾਂ ਕੇਜਰੀਵਾਲ ਨੂੰ ਇਕ ਈ-ਮੇਲ ਭੇਜੀ ਸੀ ਜਿਸ ਵਿਚ ਉਨ੍ਹਾਂ ਲਿਖਿਆ ਸੀ ਕਿ ਜੇਕਰ ਉਹ ਬਰਨਾਲਾ ਰੈਲੀ ਦੌਰਾਨ ਉਨ੍ਹਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਸਾਰੇ ਸਵਾਲਾ ਦਾ ਸੰਤੁਸ਼ਟੀ ਜਨਕ ਉਤਰ ਦਿੰਦੇ ਹਨ
ਤਾਂ ਅਸੀਂ ਪਾਰਟੀ ਵਿਚ ਮੁੜ ਵਾਪਸ ਆਉਣ ਬਾਰੇ ਸੋਚ ਸਕਦੇ ਹਾਂ ਪਰ ਇਸ ਸਮੇਂ ‘ਆਪ’ ਦੇ ਪਤਨ ਦੇ ਹਾਲਾਤਾਂ ਵਿਚ ਵੀ ਨਾ ਕੇਜਰੀਵਾਲ ਅਤੇ ਨਾ ਭਗਵੰਤ ਮਾਨ ਦਾ ਕੋਈ ਜਵਾਬ ਆਇਆ।