
ਖੇਤੀ ਔਜਾਰਾਂ ਨੂੰ ਲੈ ਕੇ ਕੱਢੀ ਰੋਸ ਰੈਲੀ
ਮੋਗਾ: ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਿਹਾ ਕਿਸਾਨੀ ਸੰਘਰਸ਼ 26/1 ਦੇ ਝਟਕੇ ਬਾਅਦ ਹੋਰ ਵਧੇਰੇ ਜੋਸ਼ ਅਤੇ ਉਤਸ਼ਾਹ ਨਾਲ ਅੱਗੇ ਵਧਦਾ ਜਾ ਰਿਹਾ ਹੈ। ਸੰਘਰਸ਼ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਜਾਬ ਭਰ ਅੰਦਰ ਪੰਚਾਇਤਾਂ ਵਲੋਂ ਮਤੇ ਪਾਸ ਕਰ ਕੇ ਲੋਕਾਂ ਦੀਆਂ ਦਿੱਲੀ ਜਾਣ ਲਈ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਅੰਦੋਲਨ ਦੀ ਲਾਮਬੰਦੀ ਲਈ ਤਰ੍ਹਾਂ ਤਰ੍ਹਾਂ ਦੇ ਢੰਗ-ਤਰੀਕੇ ਵਰਤੇ ਜਾ ਰਹੇ ਹਨ।
Farmers Protest
ਇਸੇ ਤਹਿਤ ਮੋਗਾ ਵਿਚ ਕਿਸਾਨਾਂ ਵਲੋਂ ਆਪਣੇ ਖੇਤੀ ਔਜਾਰਾਂ ਨੂੰ ਲੈ ਕੇ ਮੋਗਾ ਮੰਡੀ ਵਿਚ ਰੋਸ ਰੈਲੀ ਕੱਢੀ ਗਈ। ਇਸ ਵਿਚ ਵੱਡੀ ਗਿਣਤੀ ਕਿਸਾਨਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਔਰਤਾਂ ਦੀ ਸ਼ਾਮਲ ਸਨ।
Farmers Protest
ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਾਡਾ ਚੱਲ ਰਿਹਾ ਸ਼ਾਂਤਮਈ ਸੰਘਰਸ਼ ਉਦੋਂ ਤਕ ਚੱਲਦਾ ਰਹੇਗਾ ਜਦੋਂ ਤਕ ਕਾਲੇ ਕਨੂੰਨ ਰੱਦ ਨਹੀਂ ਹੋ ਜਾਂਦੇ। ਕਿਸਾਨਾਂ ਮੁਤਾਬਕ ਅੱਜ ਅਸੀਂ ਇਸ ਰੈਲੀ ਵਿਚ ਆਪਣੇ ਖੇਤੀ ਦੇ ਸਾਰੇ ਔਜਾਰ ਲੈ ਕੇ ਆਏ ਹਾਂ, ਕਿਉਂਕਿ ਇਨ੍ਹਾਂ ਔਜਾਰਾਂ ਨਾਲ ਹੀ ਅਸੀਂ ਦੇਸ਼ ਨੂੰ ਅਨਾਜ ਪੈਦਾ ਕਰਕੇ ਦਿੰਦੇ ਹਾਂ।
Farmers Protest
ਪਰ ਸਰਕਾਰ ਖੇਤੀ ਸੈਕਟਰ ‘ਤੇ ਕਾਰਪੋਰੇਟਾਂ ਦਾ ਕਬਜ਼ਾ ਕਰਵਾਉਣ ਖਾਤਰ ਇਨ੍ਹਾਂ ਔਜਾਰਾਂ ਨੂੰ ਹੀ ਸਾਡੇ ਤੋਂ ਖੋਹਣਾ ਚਾਹੁੰਦੀ ਹੈ ਜੋ ਅਸੀਂ ਕਿਸੇ ਵੀ ਹਾਲਤ ਵਿਚ ਹੋਣ ਨਹੀਂ ਦੇਵਾਂਗੇ। ਕਿਸਾਨਾਂ ਮੁਤਾਬਕ ਪਹਿਲਾਂ ਅਸੀਂ ਦਿੱਲੀ ਵਿਚ ਆਪਣੇ ਟਰੈਕਟਰ ਲੈ ਕੇ ਗਏ ਸਾਂ ਹੁਣ ਆਉਂਦੇ ਸਮੇਂ ਵਿਚ ਆਪਣੇ ਔਜ਼ਾਰਾਂ ਨੂੰ ਲੈ ਕੇ ਦਿੱਲੀ ਜਾਵਾਂਗੇ।