
ਬੰਗਾਲ ’ਚ ਬਣੇਗੀ ਭਾਜਪਾ ਦੀ ਬਹੁਮਤ ਵਾਲੀ ਸਰਕਾਰ : ਸ਼ਾਹ
ਮਮਤਾ ਜੈ ਸ਼੍ਰੀ ਰਾਮ ਨਾਲ ਕਰਦੀ ਹੈ ਨਫ਼ਰਤ: ਸਮ੍ਰਿਤੀ ਇਰਾਨੀ
ਕੋਲਕਾਤਾ, 31 ਜਨਵਰੀ : ਇਸ ਸਾਲ ਅਪ੍ਰੈਲ-ਮਈ ਵਿਚ ਪਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ਵਿਚ ਸੂਬੇ ਅੰਦਰ ਚੋਣਾਂ ਸਰਗਰਮੀਆਂ ਤੇਜ਼ ਹੋ ਚੁਕੀਆਂ ਹਨ। ਇਸੇ ਲੜੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਮ੍ਰਿਤੀ ਇਰਾਨੀ ਨੇ ਐਤਵਾਰ ਨੂੰ ਹਾਵੜਾ ਵਿਚ ਇਕ ਰੈਲੀ ਨੂੰ ਸੰਬੋਧਨ ਕੀਤਾ। ਸ਼ਾਹ ਨੇ ਇਕ ਵਰਚੁਅਲ ਰੈਲੀ ਰਾਹੀਂ ਲੋਕਾਂ ਨੂੰ ਸੰਬੋਧਨ ਕੀਤਾ। ਰੈਲੀ ਦੌਰਾਨ ਦੋਹਾਂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਜ਼ੋਰਦਾਰ ਸ਼ਬਦੀ ਹਮਲੇ ਕੀਤੇ। ਈਰਾਨੀ ਨੇ ਕਿਹਾ ਕਿ ਮਮਤਾ ਜੈ ਸ਼੍ਰੀ ਰਾਮ ਨਾਲ ਨਫ਼ਰਤ ਕਰਦੀ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਬੰਗਾਲ ਵਿਚ ਸੰਪੂਰਨ ਬਹੁਮਤ ਵਾਲੀ ਸਰਕਾਰ ਬਣਾਏਗੀ ਅਤੇ ਪਹਿਲੀ ਮੰਤਰੀ ਮੰਡਲ ਵਿਚ ਫ਼ੈਸਲਾ ਕਰੇਗੀ ਕਿ ਬੰਗਾਲ ਦੇ ਲੋਕਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੰਗਾਲ ਵਿਚ ਤਬਦੀਲੀ ਦੀ ਲਹਿਰ ਹੈ।
ਉਨ੍ਹਾਂ ਕਿਹਾ ਕਿ ਰਾਜ ਵਿਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਸ਼ਾਹ ਨੇ ਕਿਹਾ ਕਿ ਜਿਸ ਤਰੀਕੇ ਨਾਲ ਆਗੂ ਟੀਐਮਸੀ ਛੱਡ ਰਹੇ ਹਨ, ਦੀਦੀ ਚੋਣ ਤੋਂ ਬਾਅਦ ਇਕੱਲੇ ਰਹਿ ਜਾਣਗੇ। ਈਰਾਨੀ ਦੇ ਨਾਲ ਸਾਬਕਾ ਟੀਐਮਸੀ ਨੇਤਾ ਸੁਵੇਂਦੂ ਅਧਿਕਾਰੀ, ਰਾਜੀਵ ਬੈਨਰਜੀ, ਵੈਸ਼ਾਲੀ ਡਾਲਮੀਆ, ਪ੍ਰਬੀਨ ਘੋਸ਼ਾਲ, ਰਤਿਨ ਚੱਕਰਵਰਤੀ ਅਤੇ ਰੁਦਰਨੀਲ, ਭਾਜਪਾ ਸੰਸਦ ਘੋਸ਼ ਦਿਲੀਪ ਘੋਸ਼ ਅਤੇ ਬੰਗਾਲ ਦੇ ਇੰਚਾਰਜ ਕੈਲਾਸ਼ ਵਿਜੇਵਰਗੀਆ ਵੀ ਈਰਾਨੀ ਨਾਲ ਮੰਚ ’ਤੇ ਮੌਜੂਦ ਸਨ। (ਏਜੰਸੀ)