
ਭਾਜਪਾ ਦੀ ਬੀ ਟੀਮ ਕਹਿਣ ’ਤੇ ਓਵੈਸੀ ਦਾ ਤਿੱਖਾ ਹਮਲਾ, ਕਾਂਗਰਸ ਨੂੰ ਦਸਿਆ ‘ਬੈਂਡ ਵਾਜਾ’ ਪਾਰਟੀ
ਓਵੈਸੀ ਦਾ ਦੋਸ਼, ਗਾਂਧੀ ਦੇ ਕਤਲ ਵਿਚ ਆਰਐਸਐਸ ਦਾ ਹੱਥ
ਕੋਲਕਾਤਾ, 31 ਜਨਵਰੀ”: ਪਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੀ ਤਾਰੀਕ ਦਾ ਅਜੇ ਐਲਾਨ ਨਹੀਂ ਹੋਇਆ, ਪਰ ਕੜਾਕੇ ਦੀ ਇਸ ਠੰਢ ਵਿਚ ਸਿਆਸੀ ਬਿਆਨਬਾਜ਼ੀ ਦੀ ਗਰਮਾਹਟ ਅਪਣੇ ਸਿਖਰ ’ਤੇ ਹੈ। ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲੀਮੀਨ (ਏਆਈਐਮਆਈਐਮ) ਦੇ ਮੁਖੀ ਅਸਦੁਦੀਨ ਓਵੈਸੀ ਨੇ ਐਤਵਾਰ ਨੂੰ ਭਾਜਪਾ ਦੀ ਬੀ ਟੀਮ ਕਹੇ ਜਾਣ ਉੱਤੇ ਕਾਂਗਰਸ ਪਾਰਟੀ ’ਤੇ ਤਿੱਖਾ ਹਮਲਾ ਕੀਤਾ।
ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਕਿਹਾ ਕਿ ਜਦੋਂ ਤੋਂ ਅਸੀਂ ਬੰਗਾਲ ਚੋਣਾਂ ਲੜਨ ਦਾ ਐਲਾਨ ਕੀਤਾ ਹੈ, ਉਦੋਂ ਤੋਂ ਬੈਂਡ-ਵਾਜਾ ਪਾਰਟੀ ਜਿਸ ਨੂੰ ਕਦੇ ਕਾਂਗਰਸ ਵਜੋਂ ਜਾਣਿਆ ਜਾਂਦਾ ਸੀ, ਨੇ ਕਹਿਣਾ ਸ਼ੁਰੂ ਕਰ ਦਿਤਾ ਸੀ ਕਿ ਅਸੀਂ ਭਾਜਪਾ ਦੀ ਬੀ ਟੀਮ ਹਾਂ। ਮਮਤਾ ਬੈਨਰਜੀ ਨੇ ਵੀ ਅਜਿਹੀਆਂ ਗੱਲਾਂ ਕਹਿਣੀਆਂ ਸ਼ੁਰੂ ਕਰ ਦਿਤੀਆਂ। ਓਵੈਸੀ ਨੇ ਪੁਛਿਆ ਕਿ ਕੀ ਮੈਂ ਇਕੱਲਾ ਹੀ ਹਾਂ ਜਿਸ ਬਾਰੇ ਉਹ ਗੱਲ ਕਰ ਸਕਦੇ ਸਨ। ਉਨ੍ਹਾਂ ਨੇ ਕਿਹਾ ਕਿ ਮੈਂ ਕਿਸੇ ਹੋਰ ਦਾ ਨਹੀਂ ਸਗੋਂ ਜਨਤਾ ਦਾ ਹਾਂ।
ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁਦੀਨ ਓਵੈਸੀ ਕਰਨਾਟਕ ਦੌਰੇ ਉੱਤੇ ਪਹੁੰਚੇ ਹਨ, ਜਿਥੇ ਉਨ੍ਹਾਂ ਨੇ ਕਲਬਰਗੀ ਜ਼ਿਲ੍ਹੇ ਵਿਚ ਇਕ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਇਕ ਪਾਸੇ ਉਹ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ ਅਤੇ ਦੂਜੇ ਪਾਸੇ ਉਹ ਗਾਂਧੀ ਦੇ ਕਤਲ ਦੇ ਸਾਜ਼ਸ਼ਕਰਤਾ ਸਾਵਰਕਰ ਦੀ ਪੂਜਾ ਕਰਦੇ ਹਨ।
ਓਵੈਸੀ ਨੇ ਗਾਂਧੀ ਦੇ ਕਤਲ ਵਿਚ ਆਰਐਸਐਸ ਦਾ ਹੱਥ ਹੋਣ ਦੋਸ਼ ਵੀ ਲਾਇਆ। ਉਸੇ ਸਮੇਂ ਹੀ ਕਾਂਗਰਸ ਉੱਤੇ ਵੀ ਹਮਲਾ ਬੋਲਿਆ ਕਿ ਜੇ ਉਸ ਨੇ ਗਾਂਧੀ ਕਤਲ ਕਾਂਡ ਦੀ ਠੀਕ ਨਾਲ ਜਾਂਚ ਕਰਵਾਈ ਹੁੰਦੀ ਤਾਂ ਆਰਐਸਐਸ ਆਗੂ ਗ੍ਰਿਫ਼ਤਾਰ ਹੁੰਦੇ। ਓਵੈਸੀ ਨੇ ਕਿਹਾ ਕਿ ਉਸ ਸਮੇਂ ਦੇਸ਼ ਵਿਚ ਕਾਂਗਰਸ ਦੀ ਸਰਕਾਰ ਸੀ। ਜੇ ਮਹਾਤਮਾ ਗਾਂਧੀ ਦੀ ਹਤਿਆ ਦੀ ਸਹੀ ਜਾਂਚ ਕੀਤੀ ਜਾਂਦੀ, ਤਾਂ ਉਸ ਸਮੇਂ ਸੰਘ ਪਰਵਾਰ (ਆਰਐਸਐਸ) ਦੇ ਵੱਡੇ ਨੇਤਾ ਜੇਲ ਵਿਚ ਹੁੰਦੇ, ਪਰ ਕਾਂਗਰਸ ਨੇ ਚੰਗੀ ਤਰ੍ਹਾਂ ਜਾਂਚ ਨਹੀਂ ਕੀਤੀ। (ਏਜੰਸੀ)
------------------