
ਸ਼੍ਰੋਮਣੀ ਪੰਥ ਰਤਨ ਅਤੇ ਪਦਮ ਸ਼੍ਰੀ ਅਤੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਜੀ ਸਵਰਗ ਸਿਧਾਰ ਗਏ ਹਨ।
ਚੰਡੀਗੜ੍ਹ : ਸ਼੍ਰੋਮਣੀ ਪੰਥ ਰਤਨ ਅਤੇ ਪਦਮ ਸ਼੍ਰੀ ਅਤੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਜੀ ਸਵਰਗ ਸਿਧਾਰ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੜੂ ਸਾਹਿਬ ਟਰੱਸਟ ਦੇ ਸੇਵਾਦਾਰ ਭਾਈ ਜਗਜੀਤ ਸਿੰਘ ਕਾਕਾ ਵੀਰ ਅਤੇ ਰਵਿੰਦਰਪਾਲ ਸਿੰਘ ਕੋਹਲੀ ਨੇ ਦਸਿਆ ਕਿ ਬਾਬਾ ਇਕਬਾਲ ਸਿੰਘ ਪਿਛਲੇ ਕਾਫ਼ੀ ਦਿਨਾਂ ਤੋਂ ਬਿਮਾਰ ਚਲ ਰਹੇ ਸਨ। ਉਨ੍ਹਾਂ ਦਾ ਸਸਕਾਰ 30 ਜਨਵਰੀ ਨੂੰ ਬੜੂ ਸਾਹਿਬ ਵਿਖੇ 3 ਵਜੇ ਕੀਤਾ ਜਾਵੇਗਾ।
‘ਬਾਬਾ ਜੀ’ ਦੇ ਨਾਂ ਨਾਲ ਜਾਣੇ ਜਾਂਦੇ ਪ੍ਰਸਿੱਧ ਸਮਾਜ ਸੇਵੀ ਬਾਬਾ ਇਕਬਾਲ ਸਿੰਘ ਦੁਪਹਿਰ ਨੂੰ 96 ਸਾਲ ਦੀ ਉਮਰ ਵਿਚ ਬੁਢਾਪੇ ਕਾਰਨ ਸਿਹਤ ਵਿਚ ਕਮਜ਼ੋਰੀ ਕਾਰਨ ਸਵਰਗ ਸਿਧਾਰ ਗਏ ਹਨ। ਉਨ੍ਹਾਂ ਬੜੂ ਸਾਹਿਬ ਵਿਖੇ ਆਖ਼ਰੀ ਸਾਹ ਲਏ ਜਿਥੇ ਉਨ੍ਹਾਂ ਅਪਣੇ ਗੁਰੂ, ਸੰਤ ਅਤਰ ਸਿੰਘ ਦੇ ਨਕਸ਼ੇ ਕਦਮਾਂ ’ਤੇ ਚਲਦਿਆਂ ਮਨੁੱਖਤਾ ਪ੍ਰਤੀ ਅਪਣੀ ਨਿਰੰਤਰ ਸੇਵਾ ਦੀ ਯਾਤਰਾ ਸ਼ੁਰੂ ਕੀਤੀ।
ਬਾਬਾ ਇਕਬਾਲ ਸਿੰਘ ਨੇ ਸਿਰਫ਼ ਇਕ ਦਿਸ਼ਾ ਵਿਚ ਨਿਰੰਤਰ ਕੰਮ ਕੀਤਾ- ਪੇਂਡੂ ਭਾਰਤ ਵਿਚ ਕਦਰਾਂ-ਕੀਮਤਾਂ-ਆਧਾਰਤ ਸਿਖਿਆ ਪ੍ਰਦਾਨ ਕਰਨਾ ਤਾਂ ਜੋ ਹਰ ਪੇਂਡੂ ਬੱਚੇ ਨੂੰ ਕਦਰਾਂ-ਕੀਮਤਾਂ-ਆਧਾਰਤ ਸਿਖਿਆ ਪ੍ਰਾਪਤ ਹੋ ਸਕੇ। 1965 ਤੋਂ ਕਲਗੀਧਰ ਟਰੱਸਟ ਦੇ ਇੰਚਾਰਜ ਬਣੇ ਤੇ 1987 ਵਿਚ ਸੇਵਾਮੁਕਤ ਹੋਣ ਤੋਂ ਪਹਿਲਾਂ, ਬਾਬਾ ਜੀ ਨੇ ਅਜਿਹੀ ਸੰਸਥਾ ਖੜੀ ਕਰ ਦਿਤੀ ਜਿਥੇ ਹੁਣ 70,000 ਤੋਂ ਵੱਧ ਬੱਚੇ ਪੜ੍ਹਦੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪੰਜ ਪੇਂਡੂ ਉਤਰੀ ਭਾਰਤੀ ਰਾਜਾਂ ਦੇ ਹਨ। ਬੜੂ ਸਾਹਿਬ ਵਿਖੇ ‘ਅਕਾਲ ਅਕੈਡਮੀ’ ਨਾਂ ਦੇ ਇਕ ਕਮਰੇ ਵਾਲੇ ਸਕੂਲ ਵਿਚ ਸਿਰਫ਼ ਪੰਜ ਵਿਦਿਆਰਥੀਆਂ ਨਾਲ ਬਾਬਾ ਇਕਬਾਲ ਸਿੰਘ ਨੇ ਅਪਣੀ ਪੈਨਸ਼ਨ ਦੇ ਪੈਸੇ ਨਾਲ ਸਕੂਲ ਸ਼ੁਰੂ ਕੀਤਾ ਸੀ ਤੇ ਪਹਿਲੇ ਸਾਲ ਹੀ ਸਕੂਲ ਦੀ ਇਮਾਰਤ ਬਣਵਾਈ ਅਤੇ ਚੰਗਾ ਪ੍ਰਬੰਧ ਕੀਤਾ। ਸਮਾਜ ਨੂੰ ਇੰਨੀ ਵੱਡੀ ਦੇਣ ਦੇ ਕੇ ਉਹ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ।