
ਤਿੰਨੇ ਖੇਤੀ ਕਾਨੂੰਨ, ਕਿਸਾਨਾਂ ਲਈ ਮੌਤ ਦਾ ਫੁਰਮਾਨ : ਕੇਜਰੀਵਾਲ
26 ਜਨਵਰੀ ਦਾ ਕਾਰਾ ਕੇਂਦਰ ਨੇ ਅਪਣੇ ਬੰਦਿਆਂ ਕੋਲੋਂ ਆਪ ਕਰਵਾਇਆ
ਨਵੀਂ ਦਿੱਲੀ, 28 ਫ਼ਰਵਰੀ: ਕਿਸਾਨ ਮਹਾਂਪੰਚਾਇਤ ਮੇਰਠ ਵਿਖੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਬੋਧਨ ਕਰਦਿਆਂ, ਮੋਦੀ ਸਰਕਾਰ 'ਤੇ ਸ਼ਬਦੀ ਹਮਲੇ ਕੀਤੇ | ਉਨ੍ਹਾਂ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ, ਕਿਸਾਨਾਂ ਦੇ ਮੌਤ ਦੇ ਫੁਰਮਾਨ ਹਨ | ਉਨ੍ਹਾਂ ਕਿਹਾ ਕਿ ਜੇਕਰ ਕਾਰਪੋਰੇਟਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਸਕਦੇ ਹਨ ਤਾਂ ਕਿਸਾਨਾਂ ਦੇ ਕਿਉਂ ਨਹੀਂ? ਉਨ੍ਹਾਂ ਕਿਹਾ ਕਿ ਜੋ ਵੀ ਭਾਰਤ ਨੂੰ ਪਿਆਰ ਕਰਦਾ ਹੈ, ਉਹ ਕਿਸਾਨਾਂ ਵਿਰੁਧ ਨਹੀਂ ਜਾ ਸਕਦਾ |
ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਪੂੰਜੀਪਤੀ ਦੋਸਤਾਂ ਨੂੰ ਲਾਭ ਪਹੁੰਚਾਉਣ ਲਈ ਇਹ ਕਾਨੂੰਨ ਪਾਸ ਕਰਵਾਏ ਹਨ | ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਮਗਰੋਂ ਕਿਸਾਨਾਂ ਦੀ ਬਚੀ ਹੋਈ ਖੇਤੀ ਕੇਂਦਰ ਸਰਕਾਰ ਤਿੰਨ-ਚਾਰ ਪੂੰਜੀਪਤੀ ਸਾਥੀਆਂ ਦੇ ਹੱਥਾਂ ਵਿਚ ਸੌਂਪਣਾ ਚਾਹੁੰਦੀ ਹੈ | ਸਾਰਿਆਂ ਦੀ ਖੇਤੀ ਚਲੀ ਜਾਵੇਗੀ | ਅੱਜ ਅਪਣੇ ਦੇਸ਼ ਦਾ ਕਿਸਾਨ ਬਹੁਤ ਦਰਦ 'ਚ ਹੈ | 95 ਦਿਨਾਂ ਤੋਂ ਕਿਸਾਨ ਭਰਾ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹਨ | 250 ਤੋਂ ਵਧੇਰੇ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਸਰਕਾਰ 'ਤੇ ਜੂੰ ਨਹੀਂ ਸਰਕ ਰਹੀ |
26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ 'ਤੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਲਾਲ ਕਿਲ੍ਹਾ ਦਾ ਪੂਰਾ ਕਾਂਡ ਇਨ੍ਹਾਂ ਨੇ ਖ਼ੁਦ ਕਰਵਾਇਆ | ਮੈਂ ਦਿੱਲੀ ਦਾ ਮੁੱਖ ਮੰਤਰੀ ਹਾਂ, ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨੇ ਮੈਨੂੰ ਦਸਿਆ ਕਿ ਇਹ ਜਾਣਬੁੱਝ ਕੇ ਉਧਰ ਭੇਜ ਰਹੇ ਸਨ | ਜਿਨ੍ਹਾਂ ਨੇ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਇਆ, ਉਹ ਇਨ੍ਹਾਂ ਦੇ ਅਪਣੇ ਵਰਕਰ ਸਨ |
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਚੁਕੀ 'ਆਪ' ਨੇ ਕਿਸਾਨ ਮਹਾਂਪੰਚਾਇਤ ਨੂੰ ਲੈ ਕੇ ਪੂਰੀ ਤਿਆਰੀ ਕੀਤੀ ਸੀ | ਕਿਸਾਨ ਮਹਾਂਪੰਚਾਇਤ ਲਈ ਕੇਜਰੀਵਾਲ ਨੇ ਖ਼ੁਦ ਕਿਸਾਨ ਆਗੂਆਂ ਨਾਲ ਬੈਠਕ ਕੀਤੀ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਚਰਚਾ ਕੀਤੀ |
21ਫ਼ਰਵਰੀ ਨੂੰ ਉਨ੍ਹਾਂ ਨੇ ਦਿੱਲੀ ਦੀ ਵਿਧਾਨ ਸਭਾ 'ਚ ਉੱਤਰ ਪ੍ਰਦੇਸ਼ ਦੇ ਕਿਸਾਨ ਆਗੂਆਂ ਨਾਲ ਬੈਠਕ ਕਰ ਕੇ ਖੇਤੀ ਨਾਲ ਜੁੜੇ ਤਿੰਨੋਂ ਕਾਨੂੰਨਾਂ 'ਤੇ ਵਿਸਤਾਰ ਨਾਲ ਚਰਚਾ ਕੀਤੀ ਸੀ | (ਏਜੰਸੀ)
---