
ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਪੂਰੀ ਤਰ੍ਹਾਂ ਯਤਨਸ਼ੀਲ : ਭਾਈ ਵਿਰਸਾ ਸਿੰਘ
ਚੰਡੀਗੜ੍ਹ, 28 ਫ਼ਰਵਰੀ (ਸਪੋਕਸਮੈਨ ਸਮਾਚਾਰ ਸੇਵਾ): ਕਾਂਗਰਸ ਤੇ ਬਾਦਲਕੇ ਜਿਨ੍ਹਾਂ ਨੇ ਪੰਜਾਬ ਤੇ ਲੰਮਾ ਸਮਾਂ ਰਾਜ ਕਰ ਕੇ ਸੁਨਹਿਰੀ ਪੰਜਾਬ ਨੂੰ ਦੋਵੇਂ ਹੱਥਾਂ ਨਾਲ ਲੁੱਟਿਆ ਤੇ ਹੱਕ ਮੰਗਣ ਵਾਲਿਆਂ ਨੂੰ ਡਾਗਾਂ ਨਾਲ ਕੁਟਿਆ ਤੇ ਹੁਣ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਸਾਥ ਛੱਡ ਕੇ ਲੁਕਵੇਂ ਢੰਗ ਨਾਲ ਜਿਥੇ ਮੋਦੀ ਸਰਕਾਰ ਦੀ ਮਦਦ ਕਰ ਰਹੇ ਹਨ ਉਥੇ ਕਿਸਾਨੀ ਸੰਘਰਸ਼ ਦਾ ਲਾਹਾ ਲੈ ਕੇ 2022 ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹਨ |
ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਖ਼ਾਲਸਾ ਦੇ ਪ੍ਰਧਾਨ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਮੌਕਾਪ੍ਰਸਤੀ ਰਾਹੀਂ ਕਿਸਾਨਾਂ ਅਤੇ ਕਿਸਾਨ ਸੰਘਰਸ਼ੀ ਲੋਕਾਂ ਨੂੰ ਬੁੱਧੂ ਬਣਾ ਕੇ 2022 ਦੀਆਂ ਚੋਣਾਂ ਜਿੱਤਣ ਵਿਚ ਸਫ਼ਲ ਨਹੀਂ ਹੋ ਸਕਦੀਆਂ ਕਿਉਂਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਲਗਾਤਾਰ ਇਨ੍ਹਾਂ 'ਤੇ ਅੱਖ ਟਕਾਈ ਹੋਈ ਹੈ | ਭਾਈ ਵਿਰਸਾ ਸਿੰਘ ਅੱਜ ਟਿਕਰੀ ਬਾਰਡਰ ਦਿੱਲੀ ਵਿਖੇ ਸੰਘਰਸ਼ੀ ਸਟੇਜ ਤੋਂ ਬੋਲ ਰਹੇ ਸਨ, ਨੇ ਜ਼ੋਰ ਦੇ ਕੇ ਕਿਹਾ ਹੈ ਕਿ ਬਾਦਲਕਿਆਂ ਵਲੋਂ ਕਿਸਾਨ ਸ਼ਹੀਦਾਂ ਦੀ ਮਦਦ ਗੁਰੂ ਕੀ ਗੋਲਕ ਨਾਲ ਕਰਨ ਅਤੇ ਕੈਪਟਨ ਵਲੋਂ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਹਿਤ ਨੌਜਵਾਨਾਂ ਨੂੰ ਸਰਕਾਰੀ ਮਦਦ ਰਾਹੀਂ ਕਿਸਾਨੀ ਆਗੂਆਂ ਦੇ ਬਰਾਬਰ ਖੜਾ ਕਰਨਾ ਆਦਿ ਪੱਕੇ ਸਬੂਤਾਂ ਤੋਂ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਇਹ ਦੋਵੇਂ ਪਾਰਟੀਆਂ ਕਿਸਾਨੀ ਸੰਘਰਸ਼ ਦਾ ਲਾਹਾ ਲੈਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹਨ | ਭਾਈ ਖ਼ਾਲਸਾ ਨੇ ਕਿਹਾ ਕਿਸਾਨ ਸ਼ਹੀਦਾਂ ਦੀ ਮਦਦ ਕਰਨਾ ਕੋਈ ਗ਼ਲਤ ਕੰਮ ਨਹੀਂ ਪਰ ਮਦਦ ਅਪਣੀ ਜੇਬ ਵਿਚੋਂ ਕਰਨੀ ਚਾਹੀਦੀ ਹੈ ਨਾ ਕਿ ਗੁਰੂ ਕੀ ਗੋਲਕ ਨਾਲ ਕਿਉਂਕਿ ਇਹ ਪੈਸਾ ਗ਼ਰੀਬ ਦਾ ਮੂੰਹ ਮੇਰੀ ਗੋਲਕ ਹੈ ਵਾਲੇ ਗੁਰ ਉਪਦੇਸ਼ ਰਾਹੀਂ ਇਸਤੇਮਾਲ ਹੋਣਾ ਚਾਹੀਦਾ ਹੈ ਨਾ ਕਿ ਅਪਣੀ ਸਿਆਸੀ ਭੁੱਖ ਲਈ |
ਭਾਈ ਖ਼ਾਲਸਾ ਨੇ ਸੰਯੁਕਤ ਮੋਰਚੇ ਦੇ ਆਗੂਆਂ ਵਲੋਂ ਦੇਸ਼ ਵਿਚ ਕਈ ਸੂਬਿਆਂ ਵਿਚ ਆ ਰਹੀਆਂ ਚੋਣਾਂ ਵਿਚ ਵਖਵਾਦੀ ਭਾਜਪਾ ਨੂੰ ਹਰਾਉਣ ਲਈ ਲੋਕਾਂ ਵਿਚ ਜਾਣ ਵਾਲੇ ਪ੍ਰੋਗਰਾਮ ਦੀ ਪੂਰਨ ਹਮਾਇਤ ਕਰਦਿਆਂ ਇਸ ਨੂੰ ਸਮੇਂ ਦੀ ਲੋੜ ਵਾਲਾ ਵਧੀਆ ਤੇ ਸ਼ਲਾਘਾਯੋਗ ਫ਼ੈਸਲਾ ਦਸਿਆ | ਇਸ ਮੌਕੇ ਬਾਬਾ ਸਰਵਣ ਸਿੰਘ, ਬਾਬਾ ਜਸਵੰਤ ਸਿੰਘ, ਬਾਬਾ ਜੱਗਾ imageਸਿੰਘ, ਤੇਜਿੰਦਰ ਸਿੰਘ ਨੰਬਰਦਾਰ ਆਦਿ ਤੋਂ ਇਲਾਵਾ ਕਈ ਹੋਰ ਹਾਜ਼ਰ ਸਨ |