
ਕਿਹਾ, ਜੇ ਸਰਕਾਰ ਸਾਡਾ ਸੱਭ ਕੁੱਝ ਖੋਹੇਗੀ ਤਾਂ ਮਰਾਂਗੇ ਜਾਂ ਮਾਰਾਂਗੇ
ਮਾਨਸਾ, 28 ਫ਼ਰਵਰੀ (ਕੁਲਜੀਤ ਸਿੰਘ ਸਿੱਧੂ): ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਨੂੰਨਾਂ ਵਿਰੁਧ ਸੰਘਰਸ਼ ਲਗਾਤਾਰ ਵਧਦਾ ਜਾ ਰਿਹਾ ਹੈ ਜਿਥੇ ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਉਥੇ ਹੀ ਪੰਜਾਬ ਦੇ ਪਿੰਡਾਂ ਵਿਚ ਵੀ ਖੇਤੀ ਕਾਨੂੰਨਾਂ ਵਿਰੁਧ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਰੁਲਦੂ ਸਿੰਘ ਮਾਨਸਾ ਨੇ ਮਾਨਸਾ ਵਿਖੇ ਪਹੁੰਚ ਕੇ ਲੋਕਾਂ ਨਾਲ ਮੀਟਿੰਗ ਕੀਤੀ ਅਤੇ ਅੰਦੋਲਨ ਦੀ ਰੂਪ ਰੇਖਾ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਬੋਲਦਿਆਂ ਰੁਲਦੂ ਸਿੰਘ ਨੇ ਆਖਿਆ ਕਿ ਮੋਦੀ ਸਰਕਾਰ ਸਾਡਾ ਸੱਭ ਕੁੱਝ ਖੋਹਣ ਨੂੰ ਫਿਰਦੀ ਹੈ। ਉਨ੍ਹਾਂ ਮੋਦੀ ਨੂੰ ਦੁਨੀਆਂ ਦਾ ਸੱਭ ਤੋਂ ਘਟੀਆ ਪ੍ਰਧਾਨ ਮੰਤਰੀ ਦਸਿਆ। ਉਨ੍ਹਾਂ ਆਖਿਆ ਕਿ ਵਾਢੀ ਦੀ ਕੋਈ ਚਿੰਤਾ ਨਹੀਂ, ਅਸੀਂ ਤਾਂ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਆਵਾਂਗੇ। ਉਨ੍ਹਾਂ ਦਸਿਆ ਕਿ ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਉਪਰ ਤਸ਼ੱਦਦ ਢਾਹ ਰਹੀ ਹੈ ਪਰ ਕਿਸਾਨ ਅਪਣੇ ਹੱਕ ਲੈ ਕੇ ਹੀ ਵਾਪਸ ਮੁੜਨਗੇ। ਉਨ੍ਹਾਂ ਕਿਹਾ ਕਿ ਸਮਝ ਨਹੀਂ ਆਉਂਦੀ ਕੀ ਮੋਦੀ ਸਰਕਾਰ ਚਾਹੁੰਦੀ ਕੀ ਹੈ। ਲਗਾਤਾਰ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕੇਂਦਰ ਸਰਕਾਰ ਛੇ ਸਾਲਾਂ ਵਿਚ ਸੱਭ ਤੋਂ ਮਾੜੀ ਸਰਕਾਰ ਸਾਬਤ ਹੋਵੇਗੀ ਕਿਉਂਕਿ ਕੇਂਦਰ ਸਰਕਾਰ ਲਗਾਤਾਰ ਪਟਰੌਲ ਡੀਜ਼ਲ ਅਤੇ ਗੈਸ ਸਿਲੰਡਰਾਂ ਵਿਚ ਵਾਧੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਤੇਲ ਦੀ ਜ਼ਿਆਦਾ ਮਾਰ ਪੈਂਦੀ ਹੈ ਕਿਉਂਕਿ ਸਾਡਾ 92 ਫ਼ੀ ਸਦੀ ਖੇਤੀ ਦਾ ਕੰਮ ਤੇਲ ’ਤੇ ਹੈ ਜੇ ਤੇਲ ਦਾ ਰੇਟ ਵਧਦਾ ਹੈ ਤੇ ਪ੍ਰਚੂਨ ਦਾ ਰੇਟ ਵਧਦਾ ਹੈ, ਤੇਲ ਦਾ ਰੇਟ ਵਧਦਾ ਤਾਂ ਕਿਰਾਇਆ ਵਧਦਾ ਪਰ ਅਸੀਂ ਇਕ ਗੱਲ ਤੋਂ ਲੋਕਾਂ ਨੂੰ ਸੌਖੇ ਕਰ ਦਿਤਾ ਕਿ ਟੋਲ ਪਲਾਜ਼ੇ ’ਤੇ ਕੋਈ ਵੀ ਪਰਚੀ ਨਹੀਂ ਕੱਟਦਾ।
ਜੇ ਮੋਦੀ ਸਰਕਾਰ ਨਾ ਮੰਨੀ ਤਾਂ ਵੱਡੀਆਂ ਲਹਿਰਾਂ ਚਲਣਗੀਆਂ। ਰੁਲਦੂ ਸਿੰਘ ਨੇ ਕਿਹਾ ਕਿ ਫ਼ਸਲਾਂ ਦੀ ਵਾਢੀ ਲਈ ਕਿਸਾਨ ਵੀ ਤਿਆਰ ਹਨ ਅਤੇ ਮੋਰਚੇ ਨੂੰ ਮਜ਼ਬੂਤ ਵੀ ਰਖਿਆ ਜਾਵੇਗਾ ਜਿਹੜੇ ਕਿਸਾਨ ਮੋਰਚੇ ਤੇ ਬੈਠੇ ਨੇ ਉਨ੍ਹਾਂ ਦੇ ਫ਼ਸਲਾਂ ਦੀ ਵਾਢੀ ਲਈ ਪਿੰਡ ਵਿਚੋਂ ਮਦਦ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅਸੀਂ ਦੋ ਹਥਿਆਰਬੰਦ ਲੜਾਈਆਂ ਵੇਖੀਆਂ ਹੋਈਆਂ ਹਨ ਅਤੇ ਅਸੀਂ ਪਿੱਛੇ ਹਟੇ ਹੋਏ ਅਖ਼ੀਰ ਅਸੀਂ ਵੀ ਉਤਰ ਜਾਵਾਂਗੇ। ਸਾਡੇ ਨੌਜਵਾਨਾਂ ਲਈ ਨੌਕਰੀਆਂ ਨਹੀਂ, ਪੜ੍ਹਾਈ ਨਹੀਂ, ਇਲਾਜ ਨਹੀਂ। ਫਿਰ ਸਾਡੇ ਨੌਜਵਾਨ ਕਰਨ ਤੇ ਕਰਨ ਵੀ ਕੀ ਸਵਾਏ ਲੜਾਈ ਤੋਂ, ਸਾਡੇ ਕੋਲ ਕੀ ਰਹਿ ਗਿਆ ਅਜਿਹੇ ਵਿਚ ਅਸੀਂ ਜਾਂ ਲੜਾਂਗੇ ਜਾਂ ਫਿਰ ਮਾਰਾਂਗੇ।