
ਬੀ.ਬੀ.ਐਮ.ਬੀ. ਵਿਚੋਂ ਪੰਜਾਬ ਦੀ ਅਜਾਰੇਦਾਰੀ ਖ਼ਤਮ ਕਰਨ ਨੂੰ ਲੈ ਕੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਮਾਰੀ ਲਲਕਾਰ
ਨੰਗਲ, 28 ਫ਼ਰਵਰੀ (ਕੁਲਵਿੰਦਰ ਭਾਟੀਆ) : ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ ਸੂਬਿਆਂ ਦੀ ਅਜ਼ਾਰੇਦਾਰੀ ਨੂੰ ਖ਼ਤਮ ਕਰਨ ਦੀ ਕੇਂਦਰ ਸਰਕਾਰ ਵਲੋਂ ਕੀਤੀ ਗਈ ਨੋਟੀਫ਼ੀਕੇਸ਼ਨ ਦੇ ਵਿਰੋਧ ਵਿਚ ਅੱਜ ਬਲਾਕ ਕਾਂਗਰਸ ਕਮੇਟੀ ਨੰਗਲ ਵਲੋਂ ਚੀਫ਼ ਇੰਜਨੀਅਰ ਭਾਖੜਾ ਡੈਮ ਦੇ ਦਫ਼ਤਰ ਦੇ ਅੱਗੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਸਥਾਨਕ ਵਿਧਾਇਕ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਵਿਚ ਧਰਨਾ ਦਿਤਾ ਗਿਆ, ਜਿਸ ਧਰਨੇ ਵਿਚ ਵੱਡੀ ਗਿਣਤੀ ਵਿਚ ਕਾਂਗਰਸੀਆਂ ਵਲੋਂ ਸ਼ਮੂਲੀਅਤ ਕੀਤੀ ਗਈ।
ਦਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਵਲੋਂ 23 ਫ਼ਰਵਰੀ ਨੂੰ ਇਕ ਨੋਟੀਫ਼ੀਕੇਸ਼ਨ ਜਾਰੀ ਕੀਤਾ ਹੈ ਜਿਸ ਵਿਚ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੀਆਂ ਪੰਜਾਬ ਅਤੇ ਹਰਿਆਣਾ ਦੇ ਮੈਂਬਰ ਲਾਉਣ ਦਾ ਏਕਾਧਿਕਾਰ ਖ਼ਤਮ ਕਰ ਦਿਤਾ ਹੈ।
ਇਸ ਮੌਕੇ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਇਹ ਪੰਜਾਬ ਦੇ ਹੱਕਾਂ ’ਤੇ ਵੱਡਾ ਡਾਕਾ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਦੇ ਮੈਂਬਰ ਪੰਜਾਬ ਅਤੇ ਹਰਿਆਣਾ ਦੇ ਹੱਕਾਂ ਦੀ ਰਾਖੀ ਕਰਦੇ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਤੋਂ ਇਹ ਮੈਂਬਰ ਹਟਾ ਕੇ ਕੇਂਦਰ ਸਰਕਾਰ ਨੇ ਇਹ ਸਾਬਤ ਕਰ ਦਿਤਾ ਹੈ ਕਿ ਉਹ ਪੰਜਾਬ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਬੀਬੀਐਮਬੀ ਨੂੰ ਲੈ ਕੇ ਪਹਿਲਾ ਹਮਲਾ ਨਹੀਂ ਹੈ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਭਾਖੜਾ ਡੈਮ ਦੀ ਸੁਰਖਿਆ ਨੂੰ ਸੀ.ਆਈ.ਐਸ.ਐਫ਼. ਦੇ ਹਵਾਲੇ ਕਰਨ ਦਾ ਮਨ ਬਣਾ ਲਿਆ ਹੈ ਅਤੇ ਇਸ ਤਰ੍ਹਾਂ ਕਰ ਕੇ ਕੇਂਦਰ ਸਰਕਾਰ ਨੇ ਇਹ ਦਰਸਾਇਆ ਹੈ ਕਿ ਉਨ੍ਹਾਂ ਨੂੰ ਪੰਜਾਬ ਅਤੇ ਹਿਮਾਚਲ ਦੀ ਪੁਲਿਸ ’ਤੇ ਵਿਸ਼ਵਾਸ ਨਹੀਂ।
ਉਨ੍ਹਾਂ ਬੀ.ਬੀ.ਐਮ.ਬੀ. ਦੇ ਚੇਅਰਮੈਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਚੇਅਰਮੈਨ ਕਿਥੋਂ ਦਾ ਹੈ ਪਰ ਬੀ.ਬੀ.ਐਮ.ਬੀ. ਅਤੇ ਭਾਖੜਾ ਡੈਮ ਸਾਡਾ ਹੈ ਅਤੇ ਇਸ ਨੂੰ ਅਸੀਂ ਅਪਣੇ ਤਰੀਕੇ ਨਾਲ ਚਲਾਵਾਂਗੇ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਪੈੱਨ ਡਾਊਨ ਹੜਤਾਲ ਕਰ ਕੇ ਇਸ ਵਿਰੋਧ ਵਿਚ ਸ਼ਾਮਲ ਹੋਣ ਕਿਉਂਕਿ ਇਹ ਸਾਰੇ ਪੰਜਾਬ ’ਤੇ ਹਮਲਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਹ ਕਾਨੂੰਨ ਵਾਪਸ ਨਾ ਲਏ ਤਾਂ ਕਿਸਾਨੀ ਅੰਦੋਲਨ ਨਾਲੋਂ ਵੱਡਾ ਅੰਦੋਲਨ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਅਤੇ ਰਾਜਨੀਤਕ ਪਾਰਟੀਆਂ ਨੂੰ ਕਿਹਾ ਕਿ ਆਪਸੀ ਮਤਭੇਦ ਭੁਲਾ ਕੇ ਇਕ ਮੰਚ ’ਤੇ ਇਕੱਠੇ ਹੋ ਕੇ ਇਹ ਲੜਾਈ ਲੜੀਏ ਕਿਉਂਕਿ ਇਹ ਲੜਾਈ ਪੰਜਾਬੀਆਂ ਦੀ ਹੈ। ਉਨ੍ਹਾਂ ਦਸਿਆ ਕਿ ਉਹ ਇਸ ਮਾਮਲੇ ਨੂੰ ਲੈ ਕੇ ਅੱਜ ਸ਼ਾਮ ਗਵਰਨਰ ਪੰਜਾਬ ਨੂੰ ਵੀ ਮਿਲਣ ਜਾ ਰਹੇ ਹਨ।
ਇਸ ਮੌਕੇ ਐਡਵੋਕੇਟ ਪਰਮਜੀਤ ਸਿੰਘ ਪੰਮਾ ਕੌਂਸਲਰ ਨੇ ਕਿਹਾ ਕਿ ਇਹ ਸਿੱਧਾ ਸਿੱਧਾ ਸਾਡੇ ਹੱਕਾਂ ਤੇ ਡਾਕਾ ਹੈ ਅਤੇ ਇਹ ਡਾਕਾ ਅਸੀਂ ਨਹੀਂ ਪੈਣ ਦਿਆਂਗੇ।
ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤਕ ਇਹ ਨੋਟੀਫ਼ੀਕੇਸ਼ਨ ਰੱਦ ਨਹੀਂ ਹੋ ਜਾਂਦੀ ਚੀਫ਼ ਇੰਜੀਨੀਅਰ ਭਾਖੜਾ ਡੈਮ ਦੇ ਦਫਤਰ ਅੱਗੇ ਕਾਂਗਰਸ ਵੱਲੋਂ ਪੱਕਾ ਧਰਨਾ ਲਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਦਿੱਲੀ ਜਾਂ ਚੰਡੀਗੜ੍ਹ ਮੰਤਰੀਆਂ ਦੇ ਘਰਾਂ ਅੱਗੇ ਵੀ ਧਰਨੇ ਲਾਉਣੇ ਪਏ ਤਾਂ ਉਸ ਤੋਂ ਵੀ ਗੁਰੇਜ਼ ਨਹੀਂ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਉਹ ਨੰਗਲ ਦੇ ਵਿੱਚ ਕੇਂਦਰੀ ਮੰਤਰੀ ਅਤੇ ਬੀ.ਬੀ.ਐੱਮ.ਬੀ. ਦੇ ਚੇਅਰਮੈਨ ਨੂੰ ਵੜਨ ਨਹੀਂ ਦੇਣਗੇ ਅਤੇ ਜੇਕਰ ਉਹ ਨੰਗਲ ਆ ਗਏ ਤਾਂ ਉਨ੍ਹਾਂ ਦਾ ਘਿਰਾਉ ਕੀਤਾ ਜਾਵੇਗਾ।
ਇਸ ਮੌਕੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੇ ਸਾਹਨੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਕੇਸ਼ ਨਈਅਰ, ਕੌਂਸਲਰ ਇੰਦੂ ਬਾਲਾ, ਡਾ. ਰਵਿੰਦਰ ਦੀਵਾਨ, ਕੌਂਸਲਰ ਸੁਰਿੰਦਰ ਪੰਮਾ, ਬਲਵਿੰਦਰ ਬਾਲੀ, ਕੌਂਸਲਰ ਮਨਜੀਤ ਕੌਰ ਮੱਟੂ, ਸਾਬਕਾ ਕੌਂਸਲਰ ਪ੍ਰਤਾਪ ਸਿੰਘ ਸੈਣੀ, ਕੌਂਸਲਰ ਦੀਪਕ ਨੰਦਾ ਨਗਰ ਕੌਂਸਲ ਆਨੰਦਪੁਰ ਸਾਹਿਬ ਦੇ ਚੇਅਰਮੈਨ ਹਰਜੀਤ ਸਿੰਘ ਜੀਤਾ ਉਮਾ ਕਾਂਤ ਸ਼ਰਮਾ, ਜਸਵਿੰਦਰ ਸਿੰਘ ਸੈਣੀ, ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜ਼ਰ ਸਨ।
ਫੋਟੋ ਰੋਪੜ-28-06 ਤੋਂ ਪ੍ਰਾਪਤ ਕਰੋ ਜੀ।