
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਵਲੋਂ ਇਥੇ 'ਰਾਸ਼ਟਰਵਾਦ ਦੇ ਰਾਹ ਤੇ ਕੁਰਾਹ' ਵਿਸ਼ੇ 'ਤੇ ਸੈਮੀਨਾਰ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਹਾਲ 'ਚ ਕਰਵਾਇਆ ਗਿਆ, ਜਿਸ
ਐਸ.ਏ.ਐਸ. ਨਗਰ, 31 ਜੁਲਾਈ (ਪਰਦੀਪ ਹੈਪੀ/ਸੁਖਦੀਪ ਸੋਈ) : ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਵਲੋਂ ਇਥੇ 'ਰਾਸ਼ਟਰਵਾਦ ਦੇ ਰਾਹ ਤੇ ਕੁਰਾਹ' ਵਿਸ਼ੇ 'ਤੇ ਸੈਮੀਨਾਰ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਹਾਲ 'ਚ ਕਰਵਾਇਆ ਗਿਆ, ਜਿਸ ਵਿਚ ਦਿੱਲੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਅਪੂਰਵਾਨੰਦ ਮੁੱਖ ਬੁਲਾਰੇ ਦੇ ਤੌਰ 'ਤੇ ਪੁੱਜੇ। ਉਨ੍ਹਾਂ ਇਤਿਹਾਸਿਕ ਤੱਤਾਂ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ਦੇ ਆਜ਼ਾਦੀ ਦੇ ਅੰਦੋਲਨ ਨੇ ਅਪਣੇ ਆਪ ਨੂੰ ਰਾਸ਼ਟਰਵਾਦ ਤੋਂ ਮੁਕਤ ਰਖਿਆ ਸੀ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ, ਭਗਤ ਸਿੰਘ, ਜਵਾਹਰ ਲਾਲ ਨਹਿਰੂ ਦੇਸ਼ ਦੀ ਆਜ਼ਾਦੀ ਲਈ ਲੜਦੇ ਹੋਏ ਵੀ ਰਾਸ਼ਟਰਵਾਦ ਦੇ ਜਨੂੰਨ ਦੇ ਖ਼ਿਲਾਫ਼ ਸਨ ਅਤੇ ਰਵਿੰਦਰਨਾਥ ਟੈਗੋਰ ਰਾਸ਼ਟਰਵਾਦ ਦੇ ਸੱਭ ਤੋਂ ਵੱਡੇ ਆਲੋਚਕ ਸਨ।
ਉਨ੍ਹਾਂ ਵਿਸ਼ੇ ਦੀ ਤਹਿ ਤਕ ਜਾਂਦਿਆਂ ਕਿਹਾ ਕਿ ਰਾਸ਼ਟਰਵਾਦ ਹਿੰਸਾ ਅਤੇ ਵੱਖਵਾਦ 'ਤੇ ਟਿਕਿਆ ਹੁੰਦਾ ਹੈ ਅਤੇ ਇਸ ਦਾ ਘੇਰਾ ਬਹੁਤ ਸੀਮਤ ਹੁੰਦਾ ਹੈ। ਬੋਲਣ ਦੀ ਵਿਲੱਖਣ ਸ਼ੈਲੀ ਲਈ ਪ੍ਰਸਿੱਧ ਪ੍ਰੋਫ਼ੈਸਰ ਅਪੂਰਵਾਨੰਦ ਨੇ ਕਿਹਾ ਕਿ ਰਾਸ਼ਟਰਵਾਦ ਦੇ ਰਾਹ 'ਤੇ ਤੁਰਨ ਵਾਲਿਆਂ ਵਲੋਂ ਬਾਹਰ ਦੀ ਸੱਭਿਅਤਾ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਇਨਸਾਨ ਦਾ ਕੁਦਰਤੀ ਤੌਰ 'ਤੇ ਸੁਭਾਅ ਹੈ ਕਿ ਉਹ ਇਕ ਘੇਰੇ ਵਿਚ ਬੰਨ੍ਹਿਆ ਨਹੀਂ ਰਹਿ ਸਕਦਾ। ਉਹਨਾਂ ਕਿਹਾ ਕਿ ਹਿੰਦੂਆਂ ਦਾ ਹਿੰਦੁਆਂ ਨਾਲ ਰਹਿਣਾ, ਮੁਸਲਮਾਨਾਂ ਨਾਲ ਮੁਸਲਮਾਨਾਂ ਨਾਲ ਵੱਖ ਰਹਿਣਾ, ਸੋਚਣ ਨੂੰ ਤਾਂ 'ਚੰਗਾ' ਲਗਦਾ ਹੈ ਪਰ ਇਹ ਇਨਸਾਨੀਅਤ ਦੇ ਪੱਖ ਵਿੱਚ ਨਹੀਂ। ਆਮ ਲੋਕਾਂ ਵਿਚ ਇਹ ਪ੍ਰਭਾਵ ਬਣਾ ਦਿਤਾ ਗਿਆ ਹੈ ਕਿ ਦੇਸ਼ ਦੇ ਵੱਡੇ-ਵੱਡੇ ਸੰਸਥਾਨ ਰਾਸ਼ਟਰ ਵਿਰੋਧੀ ਹਨ। ਉਨ੍ਹਾਂ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਵਿਚ ਇਕ ਅਜਿਹੀ ਤਾਕਤ ਕਾਬਜ਼ ਹੋ ਗਈ ਹੈ ਜੋ ਸੰਵਿਧਾਨ ਅਤੇ ਬਰਾਬਰਤਾ 'ਚ ਯਕੀਨ ਨਹੀਂ ਰੱਖਦੀ।
ਉਨ੍ਹਾਂ ਕਿਹਾ ਕਿ ਜਨਸੰਖਿਆ ਘਟਾਉਣਾ, ਸ਼ੌਚਾਲਿਆ ਬਣਾਉਣਾ ਅਤੇ ਸਵੱਛ ਭਾਰਤ, ਧਰਮ ਨਿਰਪੱਖ ਤਰਕ ਨਹੀਂ ਹਨ। ਇਨ੍ਹਾਂ ਲਫ਼ਜ਼ਾਂ ਨਾਲ ਜਿਨ੍ਹਾਂ ਲੋਕਾਂ ਨੂੰ ਸ਼ਰਮਿੰਦਗੀ ਸਹਿਣੀ ਪੈ ਰਹੀ ਹੈ ਉਹ ਲੋਕ ਦਲਿਤ, ਘੱਟ ਗਿਣਤੀਆਂ ਨਾਲ ਸਬੰਧਤ ਹਨ। ਸੈਮੀਨਾਰ ਦੌਰਾਨ 200 ਦੇ ਕਰੀਬ ਸਮਾਜਿਕ, ਸਿਆਸੀ, ਵਿਦਿਆਰਥੀ, ਸਾਹਿਤਕ ਅਤੇ ਚਿੰਤਕ ਸ਼ਾਮਲ ਸਨ।