
ਮਾਨ ਨੂੰ ਠਿੱਬੀ ਲਾਉਣ ਲਈ, ਜੱਸੀ ਜਸਰਾਜ ਨੂੰ ਉਤਾਰਿਆ ; ਖਹਿਰਾ ਦੀਆਂ ਵੋਟਾਂ ਤੋੜਨ ਲਈ 'ਆਪ' ਵੀ ਮੁਕਾਬਲੇ 'ਚ ਉਮੀਦਵਾਰ ਉਤਾਰੇਗੀ
ਚੰਡੀਗੜ੍ਹ : ਵੱਖ-ਵੱਖ ਪਾਰਟੀਆਂ ਵਲੋਂ ਪੰਜਾਹ ਫ਼ੀ ਸਦੀ ਤੋਂ ਵੱਧ ਉਮੀਦਵਾਰਾਂ ਦੀ ਤਸਵੀਰ ਸਪੱਸ਼ਟ ਹੋਣ ਨਾਲ ਹੁਣ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਮੁੱਖ ਮੁਕਾਬਲਾ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਵਿਚ ਹੀ ਹੋਵੇਗਾ। ਅਕਾਲੀ ਦਲ ਵਲੋਂ ਹੁਣ ਤਕ ਪੰਜ ਹਲਕਿਆਂ ਖਡੂਰ ਸਾਹਿਬ, ਜਲੰਧਰ, ਅਨੰਦਪੁਰ ਸਾਹਿਬ, ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ਤੋਂ ਅਪਣੇ ਉਮੀਦਵਾਰ ਐਲਾਨੇ ਜਾ ਚੁਕੇ ਹਨ। ਇਸੀ ਤਰ੍ਹਾਂ ਕਾਂਗਰਸ ਨੇ ਬੇਸ਼ਕ ਅਜੇ ਤਕ ਅਧਿਕਾਰਤ ਤੌਰ 'ਤੇ ਕਿਸੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪ੍ਰੰਤੂ ਉਨ੍ਹਾਂ ਦੇ ਚਾਰ ਹਲਕਿਆਂ ਸਬੰਧੀ ਵੀ ਤਸਵੀਰ ਸਪਸ਼ਟ ਹੈ।
ਜਿਸ ਤਰ੍ਹਾਂ ਗੁਰਦਾਸਪੁਰ ਤੋਂ ਸੁਨੀਲ ਜਾਖੜ, ਜਲੰਧਰ ਤੋਂ ਚੌਧਰੀ ਸੰਤੋਖ ਸਿੰਘ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਪਟਿਆਲਾ ਤੋਂ ਸ੍ਰੀਮਤੀ ਪ੍ਰਨੀਤ ਕੌਰ, ਅਨੰਦਪੁਰ ਸਾਹਿਬ ਹਲਕੇ ਤੋਂ ਵੀ ਕਾਂਗਰਸ ਦੇ ਉਮੀਦਵਾਰ ਦੀ ਸਥਿਤੀ ਕਾਫ਼ੀ ਸਪੱਸ਼ਟ ਹੋ ਗਈ ਹੈ। ਇਥੋਂ ਸਾਬਕਾ ਮੰਤਰੀ ਮਨੀਸ਼ ਤਿਵਾੜੀ ਨੂੰ ਉਮੀਦਵਾਰ ਬਣਾਏ ਜਾਣ ਦੀ ਸਿਫ਼ਾਰਸ਼ ਹੋ ਚੁਕੀ ਹੈ। ਜਿਥੋਂ ਤਕ ਟਕਸਾਲੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਪੰਜਾਬ ਡੈਮੋਕਰੇਟਿਕ ਗਠਜੋੜ ਦੇ ਉਮੀਦਵਾਰਾਂ ਦਾ ਸਬੰਧ ਹੈ, ਦੀ ਤਸਵੀਰ ਵੀ ਕਾਫ਼ੀ ਸਪੱਸ਼ਟ ਹੋ ਗਈ ਹੈ। 'ਆਪ' ਵਲੋਂ 8 ਉਮੀਦਵਾਰਾਂ ਦਾ ਨਾਮ ਐਲਾਨਿਆ ਜਾ ਚੁਕ ਹੈ। ਇਸੇ ਤਰ੍ਹਾਂ ਅਕਾਲੀ ਦਲ ਟਕਸਾਲੀ ਨੇ ਦੋ ਹਲਕਿਆਂ ਅਨੰਦਪੁਰ ਸਾਹਿਬ ਤੋਂ ਬੀਰ ਦਵਿੰਦਰ ਸਿੰਘ ਅਤੇ ਖਡੂਰ ਸਾਹਿਬ ਤੋਂ ਸੇਵਾ ਮੁਕਤ ਜਨਰਲ ਜੇ.ਜੇ. ਸਿੰਘ ਨੂੰ ਟਿਕਟ ਦਿਤੀ ਹੈ।
Lok Sabha election
ਜਿਥੋਂ ਤਕ ਪੰਜਾਬ ਡੈਮੋਕਰੇਟਿਕ ਗਠਜੋੜ ਦਾ ਸਬੰਧ ਹੈ ਉਸ ਵਲੋਂ ਵੀ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਮੈਦਾਨ ਵਿਚ ਉਤਾਰਿਆ ਹੈ। ਬਠਿੰਡਾ ਤੋਂ ਖ਼ੁਦ ਗਠਜੋੜ ਦੇ ਆਗੂ ਸੁਖਪਾਲ ਸਿੰਘ ਖਹਿਰਾ ਮੈਦਾਨ ਵਿਚ ਉਤਰ ਚੁਕੇ ਹਨ। ਸ. ਖਹਿਰਾ ਨੇ ਫ਼ਰੀਦਕੋਟ ਤੋਂ ਜੈਤੋਂ ਤੋਂ 'ਆਪ' ਦੇ ਚੁਣੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਉਮੀਦਵਾਰ ਬਣਾਇਆ, ਪਟਿਆਲਾ ਤੋਂ ਧਰਮਵੀਰ ਗਾਂਧੀ ਅਤੇ ਲੁਧਿਆਣਾ ਤੋਂ ਸਿਮਰਜੀਤ ਸਿੰਘ ਬੈਂਸ। ਅਨੰਦਪੁਰ ਸਾਹਿਬ ਤੋਂ ਗਠਜੋੜ ਨੇ ਵੀ ਬਸਪਾ ਦਾ ਉਮੀਦਵਾਰ ਉਤਾਰਿਆ ਹੈ। ਸੱਭ ਤੋਂ ਅਹਿਮ ਗੱਲ ਇਹ ਹੈ ਕਿ 'ਆਪ' ਤੋਂ ਵੱਖ ਹੋਏ ਸੁਖਪਾਲ ਸਿੰਘ ਖਹਿਰਾ ਅਤੇ 'ਆਪ' ਵਿਚ ਲੜਾਈ ਇਸ ਹਦ ਤਕ ਵਧ ਚੁਕੀ ਹੈ ਕਿ ਹੁਣ ਦੋਵੇਂ ਧਿਰਾਂ ਇਕ ਦੂਜੇ ਦੇ ਉਮੀਦਵਾਰ ਨੂੰ ਹਰਾਉਣ ਲਈ ਮੁਕਾਬਲੇ ਦੇ ਉਮੀਦਵਾਰ ਉਤਾਰ ਰਹੇ ਹਨ।
ਮਾਲਵੇ ਦਾ ਇਲਾਕਾ 'ਆਪ' ਲਈ ਬਹੁਤ ਹੀ ਅਹਿਮੀਅਤ ਰਖਦਾ ਹੈ, ਜਿਥੋਂ 'ਆਪ' ਦੇ ਲਗਭਗ ਸਾਰੇ ਵਿਧਾਇਕ ਚੁਣ ਕੇ ਆਏ ਹਨ। 'ਆਪ' ਦੇ ਮੁਖੀ ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ ਨੂੰ ਟੱਕਰ ਦੇਣ ਲਈ, ਮੁਕਾਬਲੇ ਵਿਚ ਉਮੀਦਵਾਰ ਉਤਾਰ ਰਹੇ ਹਨ। ਇਸੀ ਤਰ੍ਹਾਂ ਸ.ਖਹਿਰਾ ਵਲੋਂ ਭਗਵੰਤ ਮਾਨ ਨੂੰ ਹਰਾਉਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ਭਗਵੰਤ ਸਿੰਘ ਮਾਨ ਸੰਗਰੂਰ ਹਲਕੇ ਤੋਂ 'ਆਪ' ਦੇ ਉਮੀਦਵਾਰ ਹਨ। ਸੁਖਪਾਲ ਸਿੰਘ ਖਹਿਰਾ ਦੇ ਪੰਜਾਬ ਡੈਮੋਕਰੇਟਿਕ ਗਠਜੋੜ ਨੇ ਪੰਜਾਬ ਦੇ ਗਾਇਕ ਕਲਾਕਾਰ ਜੱਸੀ ਜਸਰਾਜ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨ ਦਿਤਾ ਹੈ।
ਭਗਵੰਤ ਮਾਨ ਵੀ ਬਠਿੰਡਾ ਤੋਂ ਸ. ਖਹਿਰਾ ਨੂੰ ਠਿੱਬੀ ਲਗਾਉਣ ਲਈ ਅਪਣਾ ਉਮੀਦਵਾਰ ਉਤਾਰ ਰਹੇ ਹਨ। ਫ਼ਰੀਦਕੋਟ ਹਲਕੇ ਤੋਂ 'ਆਪ' ਨੇ ਪ੍ਰੋ. ਸਾਧੂ ਸਿੰਘ ਨੂੰ ਉਮੀਦਵਾਰ ਉਤਾਰਿਆ ਹੈ ਅਤੇ ਖਹਿਰਾ ਨੇ ਮਾਸਟਰ ਬਲਦੇਵ ਸਿੰਘ ਨੂੰ ਉਤਾਰ ਦਿਤਾ ਹੈ। ਬਾਕੀ ਹਲਕਿਆਂ ਵਿਚ ਵੀ ਇਕ ਦੂਜੇ ਵਿਰੁਧ ਉਮੀਦਵਾਰ ਉਤਾਰੇ ਜਾ ਰਹੇ ਹਨ। ਜਿਸ ਤਰ੍ਹਾਂ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਨੂੰ ਹਰਾਉਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਰਹੀਆਂ ਸਨ, ਉਸ ਤੋਂ ਲਗਦਾ ਸੀ ਕਿ ਇਹੀ ਤੀਜੀ ਧਿਰ ਵਜੋਂ ਦੋਵਾਂ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣਗੇ ਪ੍ਰੰਤੂ ਇਕ ਗਠਜੋੜ ਬਣਨ ਤੋਂ ਪਹਿਲਾਂ ਹੀ ਇਨ੍ਹਾਂ ਦੇ ਖਿਲਾਰੇ ਪੈ ਗਏ ਅਤੇ ਹੁਣ ਤਿੰਨ ਗਰੁਪ ਬਣ ਗਏ ਹਨ, ਜੋ ਇਕ ਦੂਜੇ ਦੇ ਉਮੀਦਵਾਰ ਨੂੰ ਹਰਾਉਣ ਲਈ ਰੋਲ ਨਿਭਾ ਰਹੇ ਹਨ।
ਭਗਵੰਤ ਮਾਨ ਸੰਗਰੂਰ ਤੋਂ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਨੂੰ ਟੱਕਰ ਦੇਣ ਦੇ ਸਮਰਥ ਲੱਗਦੇ ਸਨ ਪ੍ਰੰਤੂ ਹੁਣ ਜੱਸੀ ਜਸਰਾਜ ਦੇ ਮੈਦਾਨ ਵਿਚ ਉਤਰਨ ਨਾਲ ਸ. ਮਾਨ ਲਈ ਮੁਸ਼ਕਲਾਂ ਖੜੀਆਂ ਹੋ ਗਈਆਂ ਹਨ। ਇਸੀ ਤਰ੍ਹਾਂ ਬਠਿੰਡਾ ਤੋਂ ਸ. ਖਹਿਰਾ ਲਈ 'ਆਪ' ਮੁਸ਼ਕਲਾਂ ਖੜੀਆਂ ਕਰ ਰਿਹਾ ਹੈ। ਹੁਣ ਪੰਜਾਬ ਦੇ ਸਾਰੇ ਹਲਕਿਆਂ ਵਿਚ ਹੀ ਇਸੀ ਤਰ੍ਹਾ ਦੀ ਸਥਿਤੀ ਬਣ ਗਈ ਹੈ ਕਿ ਵਿਰੋਧੀ ਧਿਰਾਂ ਇਕ ਦੂਜੇ ਉਮੀਦਵਾਰਾਂ ਦੀਆਂ ਵੋਟਾਂ ਨੂੰ ਖੋਰਾ ਲਗਾਉਣਗੀਆਂ। ਇਸੀ ਤਰ੍ਹਾਂ ਚੋਣ ਮੈਦਾਨ ਵਿਚ ਹੁਣ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਵਿਚ ਮੁੱਖ ਮੁਕਾਬਲਾ ਹੋਣ ਦੇ ਆਸਾਰ ਬਣ ਗਏ ਹਨ।