
ਲੋਕ ਸਭਾ ਚੋਣਾਂ 2019 ਲਈ ਪੰਜਾਬ 'ਚ ਕਾਂਗਰਸ ਦੇ ਉਮੀਦਵਾਰ ਐਲਾਨੇ ਜਾਣ ਦੀ ਕਾਰਵਾਈ ਅਪ੍ਰੈਲ ਦੇ ਪਹਿਲੇ ਹਫ਼ਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ
ਚੰਡੀਗੜ੍ਹ : (ਨੀਲ ਭਲਿੰਦਰ ਸਿੰਘ) : ਲੋਕ ਸਭਾ ਚੋਣਾਂ 2019 ਲਈ ਪੰਜਾਬ 'ਚ ਕਾਂਗਰਸ ਦੇ ਉਮੀਦਵਾਰ ਐਲਾਨੇ ਜਾਣ ਦੀ ਕਾਰਵਾਈ ਅਪ੍ਰੈਲ ਦੇ ਪਹਿਲੇ ਹਫ਼ਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੱਤਵੇਂ ਅਤੇ ਆਖਰੀ ਗੇੜ ਤਹਿਤ ਸੂਬੇ 'ਚ ਵੋਟਾਂ ਪੈਣ ਜਾ ਰਹੀਆਂ ਹੋਣ ਕਾਰਨ ਕਾਂਗਰਸ ਪਾਰਟੀ ਖ਼ਾਸ ਕਰ ਕੇ ਇਸ ਦੀ ਸਕਰੀਨਿੰਗ ਕਮੇਟੀ ਪੰਜਾਬ 'ਚ ਉਮੀਦਵਾਰਾਂ ਦਾ ਨਾਮ ਮੁਕੰਮਲ ਕਰਨ ਤੋਂ ਪਹਿਲਾਂ ਘੱਟੋ-ਘੱਟ 2 ਹੋਰ ਬੈਠਕਾਂ ਕਰਨ ਦੀ ਇੱਛੁਕ ਹੈ ਜਿਨ੍ਹਾਂ 'ਚੋਂ ਇਕ ਅਹਿਮ ਬੈਠਕ 2 ਅਪ੍ਰੈਲ ਮੰਗਲਵਾਰ ਨੂੰ ਦਿੱਲੀ ਵਿਖੇ ਹੋਣ ਜਾ ਰਹੀ ਹੈ, ਜਿਸ ਵਿਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੀ ਉਚੇਚੇ ਤੌਰ 'ਤੇ ਹਾਜ਼ਰ ਰਹਿਣਗੇ।
ਇਸ ਤੋਂ ਪਹਿਲਾਂ 28 ਮਾਰਚ ਨੂੰ ਕਾਂਗਰਸ ਸਕਰੀਨਿੰਗ ਕਮੇਟੀ ਦੀ ਹੋਈ ਬੈਠਕ ਵਿਚ ਲੋਕ ਸਭਾ ਚੋਣਾਂ ਲਈ ਪੰਜਾਬ ਕਾਂਗਰਸ 'ਚ ਟਿਕਟਾਂ 'ਤੇ ਮੰਥਨ ਹੋਇਆ। ਉਸ ਬੈਠਕ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਤੇ ਆਸ਼ਾ ਕੁਮਾਰੀ ਮੌਜੂਦ ਸਨ। ਦੂਜੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਦਿੱਲੀ 'ਚ ਹੋਈ ਸਕਰੀਨਿੰਗ ਕਮੇਟੀ ਦੀ ਉਸ ਬੈਠਕ 'ਚ ਪੰਜਾਬ ਲਈ ਉਮੀਦਵਾਰਾਂ ਦੀ ਚੋਣ ਬਾਰੇ ਅੰਤਿਮ ਫ਼ੈਸਲਾ ਬੇਹੱਦ ਸੰਜੀਦਗੀ ਨਾਲ ਲੈਣ 'ਤੇ ਜ਼ੋਰ ਦਿਤਾ ਗਿਆ। ਪਾਰਟੀ ਦੇ ਅੰਦਰੂਨੀ ਸਰਵੇਖਣਾਂ ਮੁਤਾਬਕ ਕਈ ਸੀਟਾਂ 'ਤੇ ਮੁਕਾਬਲਾ ਫਸਵਾਂ ਹੁੰਦਾ ਪ੍ਰਤੀਤ ਹੋ ਰਿਹਾ ਹੈ
ਜਿਸ ਕਰ ਕੇ ਪਾਰਟੀ ਬਠਿੰਡਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਲਈ ਉਮੀਦਵਾਰਾਂ ਦੀ ਚੋਣ ਬਾਰੇ ਕਾਂਗਰਸ ਵੀ ਚਿੰਤਤ ਵੀ ਜਾਪ ਰਹੀ ਹੈ। ਇਨ੍ਹਾਂ ਸੀਟਾਂ ਉਤੇ ਪਾਰਟੀ ਕੈਬਿਨਟ ਮੰਤਰੀਆਂ ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਨੂੰ ਤਰਜੀਹੀ ਉਮੀਦਵਾਰ ਵਜੋਂ ਵੇਖ ਰਹੀ ਹੈ ਪਰ ਮਿਲ ਰਹੀ ਜਾਣਕਾਰੀ ਮੁਤਾਬਕ ਪਹਿਲੇ ਦੋਵੇਂ ਨੇਤਾ ਨਿੱਜੀ ਤੌਰ 'ਤੇ ਇਨਕਾਰੀ ਬਣੇ ਹੋਏ ਹਨ। ਇਸੇ ਤਰ੍ਹਾਂ ਤਾਜਾ ਘਟਨਾਕ੍ਰਮ ਦੇ ਮੱਦੇਨਜ਼ਰ ਪਾਰਟੀ ਹਾਈਕਮਾਨ ਤੇ ਪੰਜਾਬ ਕਾਂਗਰਸ ਗੁਰਦਾਸਪੁਰ ਦੀ ਬਜਾਏ ਫ਼ਿਰੋਜ਼ਪੁਰ ਅਤੇ ਲੁਧਿਆਣਾ ਦੀ ਬਜਾਏ ਅਨੰਦਪੁਰ ਸਾਹਿਬ ਸੀਟ ਤੇ ਵੱਧ 'ਫ਼ੋਕਸ' ਕਰ ਰਹੀ ਹੈ
ਜਿਸ ਤਹਿਤ ਪਾਰਟੀ ਦੇ ਸੂਬਾਈ ਪ੍ਰਧਾਨ ਅਤੇ ਐਮਪੀ ਸੁਨੀਲ ਜਾਖੜ ਨੂੰ ਫ਼ਿਰੋਜ਼ਪੁਰ ਅਤੇ ਰਵਨੀਤ ਸਿੰਘ ਬਿੱਟੂ ਨੂੰ ਅਨੰਦਪੁਰ ਸਾਹਿਬ ਤਬਦੀਲ ਕਰਨ ਦੀ ਗੱਲ ਵੀ ਅਜੇ ਦੀ ਉਕਤ ਬੈਠਕ 'ਚ ਵਿਚਾਰੀ ਗਈ ਦੱਸੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੇ ਪੰਜਾਬ 'ਚ ਮੌਜੂਦਾ (ਸਿਟਿੰਗ) ਐਮਪੀਜ ਨੂੰ ਉਨ੍ਹਾਂ ਦੀਆਂ ਪਹਿਲੀਆਂ ਸੀਟਾਂ ਤੋਂ ਲੜਾਉਣ ਦੇ ਹੱਕ ਵਿਚ ਹਨ। ਇਹੋ ਕਾਰਨ ਹੈ ਕਿ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਘੱਟੋ-ਘੱਟ ਦੋ ਸੂਚੀਆਂ ਤਹਿਤ ਕੀਤਾ ਜਾ ਰਿਹਾ ਹੋਣ ਦੀ ਜਾਣਕਾਰੀ ਮਿਲ ਰਹੀ ਹੈ।
ਕਿਉਂਕਿ ਭਾਜਪਾ ਵਲੋਂ ਗੁਰਦਾਸਪੁਰ ਲਈ ਕਿਸੇ ਵੱਡੇ ਫ਼ਿਲਮੀ ਕਲਾਕਾਰ ਅਤੇ ਫ਼ਿਰੋਜ਼ਪੁਰ ਲਈ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੋਣ ਮੈਦਾਨ 'ਚ ਉਤਾਰੇ ਜਾਣ ਦੀ ਸੰਭਾਵਨਾ ਨੂੰ ਵੇਖਦੇ ਹੋਏ ਕਾਂਗਰਸ ਇਨ੍ਹਾਂ ਸੀਟਾਂ ਬਾਰੇ ਅਪਣੇ ਪੱਤੇ ਲੁਕੋ ਕੇ ਰੱਖਣਾ ਚਾਹੁੰਦੀ ਹੈ, ਜਦਕਿ ਬਠਿੰਡਾ ਤੋਂ ਬਾਦਲ ਪਰਵਾਰ ਦੀ ਨੂੰਹ ਹਰਸਿਮਰਤ ਕੌਰ ਨੂੰ ਚੋਣ ਲੜਾਈ ਜਾ ਰਹੀ ਹੋਣ ਦੀਆਂ ਤਿਆਰੀਆਂ ਸਦਕਾ ਪਾਰਟੀ ਹਾਈਕਮਾਨ ਉਥੋਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਾਂ ਕਿਸੇ ਮਜ਼ਬੂਤ ਮਹਿਲਾ ਕਾਂਗਰਸੀ ਉਮੀਦਵਾਰ ਨੂੰ ਚੋਣ ਮੈਦਾਨ 'ਚ ਉਤਾਰਨ ਵਲ ਰੁਚਿਤ ਹੈ।
ਅਜਿਹੇ ਵਿਚ ਇਨ੍ਹਾਂ ਤਿੰਨ ਸੀਟਾਂ ਨੂੰ ਛੱਡ ਕੇ ਬਾਕੀ ਸੀਟਾਂ ਲਈ ਕਾਂਗਰਸੀ ਉਮੀਦਵਾਰਾਂ ਦੇ ਨਾਮ ਸੰਭਵ ਤੌਰ 'ਤੇ ਇਸੇ ਹਫ਼ਤੇ ਐਲਾਨੇ ਜਾ ਰਹੇ ਹੋਣ ਦੀ ਕਾਫ਼ੀ ਸੰਭਾਵਨਾ ਨਜ਼ਰ ਆ ਰਹੀ ਹੈ ਜਦਕਿ ਅਗਲੇ ਹਫ਼ਤੇ ਦੂਜੀ ਸੂਚੀ ਤਹਿਤ ਸਾਰੀਆਂ ਸੀਟਾਂ ਬਾਰੇ ਉਮੀਦਵਾਰ ਐਲਾਨ ਦਿਤੇ ਜਾਣਗੇ।