
ਬਟਾਲਾ ਦੇ ਪਿੰਡ ਚੱਕ ਸ਼ਰੀਫ਼ ਦੇ ਰਹਿਣ ਵਾਲੇ ਸੱਤ ਨੌਜਵਾਨਾਂ ਨੇ ਇਸ ਮੁਸ਼ਕਲ ਘੜੀ ਵਿਚ ਅਪਣੇ ਜ਼ਿਲ੍ਹੇ ਦੇ ਲੋੜਵੰਦ ਲੋਕਾਂ ਦੀ ਮਦਦ ਕਰਨ ਦਾ ਬੀੜਾ ਉਠਾਇਆ ਹੈ
ਗੁਰਦਾਸਪੁਰ (ਨਿਤਿਨ ਲੂਥਰਾ): ਬਟਾਲਾ ਦੇ ਪਿੰਡ ਚੱਕ ਸ਼ਰੀਫ਼ ਦੇ ਰਹਿਣ ਵਾਲੇ ਸੱਤ ਨੌਜਵਾਨਾਂ ਨੇ ਇਸ ਮੁਸ਼ਕਲ ਘੜੀ ਵਿਚ ਅਪਣੇ ਜ਼ਿਲ੍ਹੇ ਦੇ ਲੋੜਵੰਦ ਲੋਕਾਂ ਦੀ ਮਦਦ ਕਰਨ ਦਾ ਬੀੜਾ ਉਠਾਇਆ ਹੈ, ਜਿਸ ਦੇ ਲਈ ਇਨ੍ਹਾਂ ਨੌਜਵਾਨਾਂ ਨੇ ਸੋਸ਼ਲ ਮੀਡੀਆ ਨੂੰ ਲੋਕਾਂ ਦੀ ਸੇਵਾ ਲਈ ਚੁਣਿਆ, ਇਹ ਨੌਜਵਾਨ ਵਟਸਐਪ ਅਤੇ ਫੋਨ ਕਾਲ ਜ਼ਰੀਏ ਆਪਣੀ ਗੱਡੀ ਵਿਚ ਜਾ ਕੇ ਅਪਣੀ ਜੇਬ ਵਿਚੋਂ ਹੀ ਲੋੜਵੰਦ ਲੋਕਾਂ ਨੂੰ ਰਾਸ਼ਣ ਮੁਹੱਈਆ ਕਰਵਾ ਰਹੇ ਹਨ।
ਖ਼ਾਸ ਗੱਲ ਇਹ ਹੈ ਕਿ ਇਹ ਨੌਜਵਾਨ ਪੂਰੇ ਜ਼ਿਲ੍ਹੇ ਵਿਚ ਹੀ ਲੋਕਾਂ ਨੂੰ ਇਹ ਸੇਵਾ ਮੁਹੱਈਆ ਕਰਵਾ ਰਹੇ ਹਨ, ਇੰਨੇ ਵੱਡੇ ਜ਼ਿਲ੍ਹੇ ਵਿਚ ਇਹ ਨੌਜਵਾਨ ਕਿਵੇਂ ਲੋਕਾਂ ਤਕ ਰਾਸ਼ਣ ਪਹੁੰਚਾਉਂਦੇ ਹਨ। ਇਸ ਸਬੰਧੀ ਉਹਨਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਉਹ ਇਕੋ ਪਰਿਵਾਰ ਦੇ ਮੈਂਬਰ ਹਨ। ਨੌਜਵਾਨ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਕੋਰੋਨਾ ਮਹਾਮਾਰੀ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਲੋਕਾਂ ਦੀ ਭਲਾਈ ਲਈ ਹੋਰਨਾਂ ਵਾਂਗ ਕੁਝ ਕੀਤਾ ਜਾਵੇ।
ਇਸ ਦੇ ਲਈ ਉਹਨਾਂ ਨੇ ਅਪਣੇ ਭਰਾਵਾਂ ਨਾਲ ਗੱਲਬਾਤ ਕੀਤੀ ਅਤੇ ਹੁਣ ਉਹ ਅਪਣੇ ਭਰਾਵਾਂ ਨਾਲ ਮਿਲ ਕੇ ਇਨਸਾਨੀਅਤ ਦੀ ਸੇਵਾ ਕਰ ਰਹੇ ਹਨ। ਇਸ ਦੌਰਾਨ ਉਹਨਾਂ ਦੇ ਗੁਆਂਢੀ ਨੇ ਵੀ ਉਹਨਾਂ ਦਾ ਸਾਥ ਦਿੱਤਾ। ਉਹਨਾ ਦੱਸਿਆ ਕਿ ਉਹਨਾਂ ਦਾ ਮੁੱਖ ਮਕਸਦ ਬਜ਼ੁਰਗਾਂ, ਵਿਧਵਾ ਔਰਤਾਂ ਅਤੇ ਅਪਾਹਜਾਂ ਤੱਕ ਸਹੂਲਤਾਂ ਪਹੁੰਚਾਉਣਾ ਹੈ।
ਉਹਨਾਂ ਦੱਸਿਆ ਕਿ ਲੋਕ ਉਹਨਾਂ ਨਾਲ ਸੰਪਰਕ ਕਰਨ ਲ਼ਈ ਉਹਨਾਂ ਨੂੰ ਫੋਨ ਕਰਦੇ ਹਨ ਅਤੇ ਉਹ ਜਲਦ ਤੋਂ ਜਲਦ ਉਹਨਾਂ ਤੱਕ ਮਦਦ ਪਹੁੰਚਾਉਂਦੇ ਹਨ। ਉਹਨਾਂ ਦੱਸਿਆ ਕਿ ਉਹ ਇਕ ਦਿਨ ਵਿਚ 20 ਤੋਂ 25 ਪੈਕਟ ਵੰਡਦੇ ਹਨ। ਇਸ ਪੈਕੇਟ ਵਿਚ ਦੋ ਦਾਲਾਂ, ਆਟਾ, ਛੋਲਿਆਂ ਦੀ ਸਬਜੀ, ਤੇਲ, ਚਾਵਲ ਅਤੇ ਮਸਾਲੇ ਆਦਿ ਹਨ।
ਉਹਨਾਂ ਦੱਸਿਆ ਕਿ ਵਿੱਤੀ ਸਹਾਇਤਾ ਲਈ ਉਹਨਾਂ ਨੂੰ ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਸਾਥ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਕਿਸੇ ਨੂੰ ਵੀ ਲੋੜ ਹੈ ਤਾਂ ਉਹ ਉਹਨਾ ਨੂੰ ਵਟਸਐਪ ਦੇ ਜ਼ਰੀਏ ਦੱਸ ਸਕਦੇ ਹਨ। ਉਹਨਾਂ ਦਾ ਵਟਸਐਪ ਨੰਬਰ 9872735921 ਹੈ। ਉਹਨਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਬੇਸਹਾਰਾ ਲੋਕਾਂ ਦੀ ਮਦਦ ਲਈ ਅੱਗੇ ਆਇਆ ਜਾਵੇ ਤਾਂ ਜੋ ਉਹਨਾਂ ਨੂੰ ਮੁਸ਼ਕਿਲ ਦੀ ਘੜੀ ਵਿਚ ਸਹਾਰਾ ਦਿੱਤਾ ਜਾ ਸਕੇ।
ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਚਲਦਿਆਂ ਲਾਕਡਾਊਨ ਕੀਤਾ ਹੋਇਆ ਹੈ, ਜਦਕਿ ਪੰਜਾਬ ਵਿਚ ਕਰਫਿਊ ਲਗਾਇਆ ਹੋਇਆ ਅਤੇ ਲੋਕਾਂ ਨੂੰ ਆਪੋ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ, ਅਜਿਹੇ ਵਿਚ ਗ਼ਰੀਬ ਲੋਕਾਂ ਲਈ ਇਹ ਨੌਜਵਾਨ ਮਸੀਹਾ ਬਣ ਕੇ ਸਾਹਮਣੇ ਆ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।