
ਨਜ਼ਦੀਕੀ ਪਿੰਡਾਂ 'ਚ ਲੋੜਵੰਦ ਲੋਕਾਂ ਨੂੰ ਮੁਹੱਈਆ ਕਰਵਾ ਰਹੀ ਹੈ ਸਵੇਰੇ-ਸ਼ਾਮ ਦਾ ਖਾਣਾ
ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਕਾਰਨ ਐਲਾਨੀ ਤਾਲਾਬੰਦੀ ਦੇ ਚਲਦਿਆਂ ਸੂਬੇ 'ਚ ਪੈਦਾ ਹੋਈ ਐਮਰਜੈਂਸੀ ਦੀ ਸਥਿਤੀ ਨਾਲ ਨਜਿੱਠਣ ਲਈ ਸਰਕਾਰਾਂ ਦੇ ਨਾਲ-ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਵੀ ਆਪਣੀ ਸਮਾਜਿਕ ਜ਼ਿੰਮੇਵਾਰੀ ਤਹਿਤ ਲੋੜਵੰਦਾਂ ਲਈ ਹੱਥ ਅੱਗੇ ਕੀਤਾ ਹੈ।
photo
ਜਿਸ ਦੇ ਅੰਤਰਗਤ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕੈਂਪਸ ਦੇ ਨੇੜੇ ਦੇ ਇਲਾਕਿਆਂ 'ਚ ਰਹਿੰਦੇ ਮਜ਼ਦੂਰਾਂ ਅਤੇ ਹੋਰ ਲੋੜਵੰਦਾਂ ਨੂੰ ਸਵੇਰੇ-ਸ਼ਾਮ ਦਾ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਲਈ 'ਵਰਸਿਟੀ ਵੱਲੋਂ ਵਿਸ਼ੇਸ਼ ਵਲੰਟੀਅਰਾਂ ਦੀ ਟੀਮ ਦਾ ਗਠਨ ਕੀਤਾ ਗਿਆ।
photo
ਇਸ ਸਬੰਧੀ ਗੱਲਬਾਤ ਕਰਨ 'ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਵਿਸ਼ਵਵਿਆਪੀ ਸਮੱਸਿਆ ਬਣ ਚੁੱਕੇ ਕੋਰੋਨਾ ਵਾਇਰਸ ਦੇ ਚਲਦੇ ਜਿਥੇ ਸੂਬਾ ਸਰਕਾਰ ਆਮ ਲੋਕਾਂ ਦੀ ਸਹਾਇਤਾ ਯਕੀਨੀ ਬਣਾ ਰਹੀ ਹੈ।
ਉਥੇ ਹੀ ਚੰਡੀਗੜ੍ਹ ਯੂਨੀਵਰਸਿਟੀ ਨੇ ਮਨੁੱਖਤਾ ਦੀ ਭਲਾਈ 'ਚ ਆਪਣਾ ਯੋਗਦਾਨ ਪਾਉਣ ਲਈ ਨੇੜਲੇ ਪਿੰਡਾਂ 'ਚ ਮਜ਼ਦੂਰਾਂ ਅਤੇ ਹੋਰ ਲੋੜਵੰਦਾਂ ਨੂੰ ਦਿਨ 'ਚ ਦੋ ਵਾਰ ਲੋੜਵੰਦਾਂ ਤੱਕ ਖਾਣਾ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ ਅਤੇ ਇਹ ਮੁਹਿੰਮ ਤਾਲਾਬੰਦੀ ਦੇ 21 ਦਿਨਾਂ ਤੱਕ ਨਿਰੰਤਰ ਜਾਰੀ ਰਹੇਗੀ।
ਸ. ਸੰਧੂ ਨੇ ਦੱਸਿਆ ਕਿ 'ਵਰਸਿਟੀ ਵੱਲੋਂ ਗਠਿਤ ਵਲੰਟੀਅਰਾਂ ਦੀ ਟੀਮ ਕੈਪਸ ਦੀ ਮੈਸ 'ਚ ਰੋਜ਼ਾਨਾ ਦਾਲ, ਚਾਵਲ, ਸਬਜ਼ੀ ਅਤੇ ਰੋਟੀਆਂ ਆਦਿ ਤਿਆਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਵਲੰਟੀਅਰਾਂ ਵੱਲੋਂ ਲੋੜਵੰਦਾਂ ਨੂੰ ਖਾਣਾ ਪਹੁੰਚਾਉਣ ਦੇ ਨਾਲ-ਨਾਲ ਇਸ ਮਹਾਂਮਾਰੀ ਦੇ ਮਾਰੂ ਪ੍ਰਭਾਵਾਂ ਅਤੇ ਬਚਾਅ ਸਬੰਧੀ ਸਾਵਧਾਨੀਆਂ ਵਰਤਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਸ. ਸੰਧੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਯੂਨੀਵਰਸਿਟੀ ਦੀ ਟੀਮ ਨਜ਼ਦੀਕੀ ਪਿੰਡਾਂ, ਬਿਰਧ ਅਤੇ ਅਨਾਥ ਆਸ਼ਰਮਾਂ 'ਚ ਮੁਫ਼ਤ ਹੈਡ ਸੈਨੀਟਾਈਜ਼ਰਾਂ ਦੀ ਵੰਡ ਕਰ ਰਹੀ ਹੈ, ਜੋ ਯੂਨੀਵਰਸਿਟੀ ਆਫ਼ ਅਪਲਾਈਡ ਹੈਲਥ ਸਾਇੰਸਜ਼ ਵੱਲੋਂ ਤਿਆਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਲੋਕਾਂ ਦੀ ਸਹਾਇਤਾ ਲਈ ਐਬੂਲੈਸਾਂ, ਡਾਕਟਰੀ ਟੀਮਾਂ ਦੇ ਵੀ ਅਗਾਉਂ ਪ੍ਰਬੰਧ ਕੀਤੇ ਜਾ ਰਹੇ ਹਨ।ਸ. ਸੰਧੂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚਲਦੇ ਸਰਕਾਰ ਵੱਲੋਂ 21 ਦਿਨਾਂ ਦੀ ਤਾਲਾਬੰਦੀ ਕਾਰਨ ਸਭ ਤੋਂ ਵੱਧ ਚਣੌਤੀਆਂ ਦਾ
ਸਾਹਮਣਾ ਫੈਕਟਰੀਆਂ 'ਚ ਕੰਮ ਕਰਦੇ ਰੋਜ਼ਾਨਾ ਦਿਹਾੜੀਦਾਰਾਂ ਅਤੇ ਉਸਾਰੀ ਕਾਮਿਆਂ ਨੂੰ ਕਰਨਾ ਪੈ ਰਿਹਾ ਹੈ।
ਕਿਉਂਕਿ ਉਨ੍ਹਾਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਲਈ ਭੋਜਨ ਅਤੇ ਕੰਮ ਲੱਭਣ 'ਚ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ। ਜਿਸ ਚਲਦੇ ਇੱਕ ਸੰਸਥਾ
ਵਜੋਂ ਸਾਡੀ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਮਾਜ ਦੇ ਹੇਠਲੇ ਤਬਕੇ ਦੀ ਹਰ ਰੂਪ 'ਚ ਸੰਭਵ ਸਹਾਇਤਾ ਯਕੀਨੀ ਬਣਾਈਏ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਸਰਕਾਰੀ ਨਿਰਦੇਸ਼ਾਂ 'ਤੇ ਅਮਲ ਕਰਨ ਦੇ ਨਾਲ-ਨਾਲ ਬਿਮਾਰੀ ਤੋਂ ਬਚਾਅ ਸਬੰਧੀ ਸਾਵਧਾਨੀਆਂ ਵਰਤਣ ਦੀ ਅਪੀਲ ਵੀ ਕੀਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।