
ਗੁਰਦਾਸਪੁਰ ’ਚ ਮਾਲ ਗੱਡੀ ਦਾ ਡੱਬਾ ਪਟੜੀ ਤੋਂ ਉਤਰਿਆ, ਵੱਡਾ ਹਾਦਸਾ ਟਲਿਆ
ਗੁਰਦਾਸਪੁਰ, 31 ਮਾਰਚ (ਟਾਂਡਾ) : ਪਠਾਨਕੋਟ ਤੋਂ ਗੁਰਦਾਸਪੁਰ ਹੁੰਦੇ ਹੋਏ ਜਾ ਰਹੀ ਮਾਲ-ਗੱਡੀ ਦਾ ਇਕ ਡੱਬਾ ਪਲੇਟਫ਼ਾਰਮ ਤੋਂ ਅੱਗੇ ਪੱਟੜੀ ਤੋਂ ਉੱਤਰ ਗਿਆ। ਗਨੀਮਤ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ। ਜਾਣਕਾਰੀ ਅਨੁਸਾਰ ਉਕਤ ਮਾਲ-ਗੱਡੀ ਖਾਦ ਲਾਉਣ ਲਈ ਗੁਰਦਾਸਪੁਰ ਰੇਲਵੇ ਸਟੇਸ਼ਨ ਉੱਤੇ ਪਹੁੰਚੀ ਅਤੇ ਰੇਲਗੱਡੀ ਨੂੰ ਠੀਕ ਸਥਾਨ ਉੱਤੇ ਲਗਾਉਣ ਲਈ ਰੇਲਗੱਡੀ ਦੇ ਚਾਲਕ ਵਲੋਂ ਰੇਲਗੱਡੀ ਪਿੱਛੇ ਕੀਤੀ ਜਾ ਰਹੀ ਸੀ। ਰੇਲਗੱਡੀ ਨੂੰ ਪਿੱਛੇ ਕਰਦੇ ਸਮੇਂ ਰੇਲਗੱਡੀ ਦਾ ਚਾਲਕ ਠੀਕ ਅਨੁਮਾਨ ਨਹੀਂ ਲਗਾ ਸਕਿਆ ਤੇ ਰੇਲਗੱਡੀ ਦਾ ਡੱਬਾ ਪਟਰੀ ਤੋਂ ਉੱਤਰ ਗਿਆ।
ਘਟਨਾ ਦੀ ਸੂਚਨਾ ਮਿਲਦੇ ਸਟੇਸ਼ਨ ਮਾਸਟਰ ਅਤੇ ਰੇਲਵੇ ਪੁਲਸ ਘਟਨਾ ਵਾਲੇ ਸਥਾਨ ’ਤੇ ਪਹੁੰਚੀ ਅਤੇ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿਤੀ। ਘਟਨਾ ਦੀ ਸੂਚਨਾ ਮਿਲਦੇ ਰੇਲਵੇ ਦੇ ਉੱਚ ਅਧਿਕਾਰੀਆਂ ਵਲੋਂ ਡੱਬੇ ਨੂੰ ਪਟਰੀ ਉੱਤੇ ਲਿਆਉਣ ਲਈ ਕਰਮਚਾਰੀ ਅਤੇ ਪੂਰੀ ਮਸ਼ੀਨਰੀ ਭੇਜ ਦਿਤੀ ਗਈ। ਇਸ ਘਟਨਾ ਦੇ ਸਬੰਧ ਵਿਚ ਰੇਲਵੇ ਦਾ ਕੋਈ ਉੱਚ ਅਧਿਕਾਰੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੋਇਆ।
ਦਸਿਆ ਜਾ ਰਿਹਾ ਕਿ ਰੇਲਗੱਡੀ ਵਿਚ ਗਾਰਡ ਨਹੀਂ ਸੀ, ਜਿਸ ਕਾਰਨ ਰੇਲਗੱਡੀ ਦਾ ਚਾਲਕ ਰੇਲਗੱਡੀ ਪਿੱਛੇ ਕਰਦੇ ਸਮੇਂ ਸਹੀ ਅਨੁਮਾਨ ਨਹੀਂ ਲਗਾ ਸਕਿਆ ਤੇ ਡਿੱਬਾ ਪਟੜੀ ਤੋਂ ਉੱਤਰ ਗਿਆ। ਜਿਹੜੇ ਸਥਾਨ ਉੱਤੇ ਰੇਲਗੱਡੀ ਦਾ ਡੱਬਾ ਪਟੜੀ ਤੋਂ ਹੇਠਾਂ ਉਤਰਿਆ, ਉਸਦੇ ਨੇੜੇ ਬਿਜਲੀ ਦਾ ਪੋਲ ਵੀ ਹੈ। ਜੇਕਰ ਬਿਜਲੀ ਦੇ ਪੋਲ ਦੇ ਨਾਲ ਡੱਬਾ ਟਕਰਾ ਜਾਂਦਾ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਇਸ ਘਟਨਾ ਨਾਲ ਕਈ ਰੇਲਗੱਡੀਆਂ ਪ੍ਰਭਾਵਤ ਹੋਈਆਂ, ਜਿਸ ਵਿਚ ਰਾਵੀ ਐਕਸਪ੍ਰੈਸ, ਟਾਟਾ ਹਟਿਆ ਐਕਸਪ੍ਰੈਸ ਅਤੇ ਪੈਸੇਂਜਰ ਟ੍ਰੇਨ ਸ਼ਾਮਲ ਹੈ। ਉਥੇ ਹੀ ਇਸ ਘਟਨਾ ਨਾਲ ਮੁਸਾਫ਼ਰਾਂ ਨੂੰ ਭਾਰੀ ਮੁਸ਼ਕਲਾਂ ਨੂੰ ਸਾਹਮਣਾ ਕਰਨਾ ਪਿਆ ।
ਫੋਟੋ : ਗੁਰਦਾਸਪੁਰ 1