
ਕਿਹਾ- ਸਾਡੇ ਪੰਜਾਬ ਦੀ ਧਰਤੀ 'ਤੇ ਬਣਿਆ ਚੰਡੀਗੜ੍ਹ,ਅਸੀਂ ਕਿਵੇਂ ਦੇ ਦੇਈਏ
ਚੰਡੀਗੜ੍ਹ: ਕੇਂਦਰ ਸਰਕਾਰ ਵਲੋਂ ਪੰਜਾਬ ਦੇ ਅਧਿਕਾਰਾਂ ਨੂੰ ਘੱਟ ਕਰਨ ਵਾਲੇ ਫੈਸਲਿਆਂ ਦਾ ਵਿਰੋਧ ਕਰਨ ਲਈ ਸੱਦੇ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਕਾਰਨ ਪੰਜਾਬ ਭਾਜਪਾ ਦੀਆਂ ਅੱਖਾਂ ਵਿਚ ਰੜਕ ਰਿਹਾ ਹੈ। ਉਹਨਾਂ ਨੇ ਵਿਸ਼ੇਸ਼ ਇਜਲਾਸ ਲਈ ਭਗਵੰਤ ਮਾਨ ਦੀ ਸਰਕਾਰ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਇਜਲਾਸ ਜ਼ਰੀਏ 3 ਕਰੋੜ ਪੰਜਾਬੀਆਂ ਦੀ ਆਵਾਜ਼ ਦਿੱਲੀ ਤੱਕ ਪਹੁੰਚ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਲੜਾਈ ਲਈ ਕਾਂਗਰਸ ਨਾਲ ਖੜੇਗੀ, ਪਿੱਛੇ ਨਹੀਂ ਹਟੇਗੀ।
Sukhpal Singh Khaira in Punjab Vidhan Sabha
ਉਹਨਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ। ਚੰਡੀਗੜ੍ਹ ਸਾਡੇ ਲਈ ਸਾਡੀ ਜ਼ਮੀਨ ਉੱਤੇ ਬਣਿਆ ਸੀ, ਪੰਜਾਬ ਨੂੰ ਅਪਣਾ ਸੂਬਾ ਲੈਣ ਲਈ ਵੀ ਜੇਲ੍ਹਾਂ ਵਿਚ ਧੱਕੇ ਖਾਣੇ ਪਏ। ਉਹਨਾਂ ਕਿਹਾ ਕਿ ਚੰਡੀਗੜ੍ਹ ਦਾ ਨਾਮ ਦੁਨੀਆਂ ਦੇ ਵੱਡੇ ਸ਼ਹਿਰਾਂ ਵਿਚ ਆਉਂਦਾ ਹੈ, ਇਸ ਨੂੰ ਕਿਵੇਂ ਜਾਣ ਦੇਈਏ। ਖਹਿਰਾ ਨੇ ਕਿਹਾ ਕਿ ਇਹ ਪੰਜਾਬ ਦਾ ਇਮਤਿਹਾਨ ਹੈ। ਖਹਿਰਾ ਨੇ ਕਿਹਾ ਸਾਡਾ ਪਾਣੀ, ਸਾਡੀ ਰਾਜਧਾਨੀ ਨੂੰ ਇਕ ਵਿਉਂਤਬੰਦੀ ਤਹਿਤ ਖੋਹਿਆ ਜਾ ਰਿਹਾ ਹੈ।
Sukhpal Singh Khaira in Punjab Vidhan Sabha
ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬ ਦੀ ਧਰਤੀ ਸਾਡੇ ਗੁਰੂਆਂ ਦੇ ਖੂਨ ਨਾਲ ਸਿੰਜੀ ਹੋਈ ਧਰਤੀ ਹੈ। ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਅਸੀਂ ਬੇਇਨਸਾਫੀ, ਜ਼ੁਲਮ ਅਤੇ ਤਸ਼ੱਦਦ ਖ਼ਿਲਾਫ਼ ਲੜਾਈ ਲੜਨੀ ਹੈ। ਇਹ ਲੜਾਈ ਗਦਰੀ ਬਾਬਿਆਂ, ਬੱਬਰ ਅਕਾਲੀਆਂ ਵਲੋਂ ਲੜੀ ਗਈ। ਇਹ ਅਫ਼ੋਸਸ ਦੀ ਗੱਲ ਹੈ ਕਿ ਸਾਨੂੰ ਇਨਾਮ ਦੇਣ ਦੀ ਬਜਾਏ ਨਿਸ਼ਾਨੇ ’ਤੇ ਲੈ ਕੇ ਸਬਕ ਸਿਖਾਉਣ ਦੀ ਨੀਤੀ ਚੱਲਦੀ ਆਈ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਇਤਿਹਾਸ ਕਿਸੇ ਨੂੰ ਨਹੀਂ ਬਖ਼ਸ਼ੇਗਾ। ਇਸ ਮੌਕੇ ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਦਾ ਵੀ ਜ਼ਿਕਰ ਕੀਤਾ।
ਉਹਨਾਂ ਕਿਹਾ ਕਿ ਇਕ ਸਾਲ ਤੋਂ ਵੱਧ ਸਮਾਂ ਸਾਡੇ ਕਿਸਾਨ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਰਹੇ, ਉਹ ਅਪਣੇ ਹੱਕ ਲਈ ਬੈਠੇ ਸੀ। ਉਹ ਕੋਈ ਅਹਿਸਾਨ ਨਹੀਂ ਮੰਗ ਰਹੇ ਸੀ, ਉਹਨਾਂ ਨੂੰ ਖ਼ਾਲਿਸਤਾਨੀ, ਪਾਕਿਸਤਾਨੀ, ਨਕਸਲਵਾਦੀ ਆਦਿ ਕਿਹਾ ਗਿਆ, ਉਹਨਾਂ ਦੇ ਬੱਚੇ ਦੇਸ਼ ਦੀ ਰਾਖੀ ਲਈ ਸਰਹੱਦਾਂ ’ਤੇ ਸ਼ਹੀਦੀਆਂ ਦੇ ਰਹੇ ਹਨ। ਦੇਸ਼ ਦੀ ਰਾਖੀ ਭਾਜਪਾ ਦੇ ਵਪਾਰੀ ਵਰਗ ਦੇ ਲੋਕ ਨਹੀਂ ਕਰ ਸਕਦੇ। ਜਿਹੜੇ ਰਾਖੀ ਕਰਦੇ ਹਨ, ਉਹਨਾਂ ਨੂੰ ਹੀ ਸਜ਼ਾ ਦਿੱਤੀ ਜਾ ਰਹੀ ਹੈ।
ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਕਦਮ ਗਲਤ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣੀ ਚਾਹੀਦੀ ਹੈ। ਆਓ ਇਸ 'ਤੇ ਇਕਜੁੱਟ ਹੋ ਕੇ ਲੜੀਏ। ਸੁਖਪਾਲ ਖਹਿਰਾ ਨੇ ਕਿਹਾ ਕਿ ਸਾਰੇ 117 ਵਿਧਾਇਕ ਪ੍ਰਧਾਨ ਮੰਤਰੀ ਦੀ ਕੋਠੀ ਅੱਗੇ ਧਰਨਾ ਦੇਣ।