
ਪ੍ਰਧਾਨ ਤੇ ਮੁੱਖ ਮੰਤਰੀ ਦੀ ਕੁਰਸੀ ਪਿਛੇ ਬੇੜੀ ਡੋਬੀ ਗਈ : ਪੁਰਸ਼ੋਤਮ ਲਾਲ ਖ਼ਲੀਫ਼ਾ
ਚੰਡੀਗੜ੍ਹ, 31 ਮਾਰਚ (ਜੀ.ਸੀ. ਭਾਰਦਵਾਜ) : ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ, ਅਕਾਲੀ ਦਲ, ਬੀ.ਜੇ.ਪੀ. ਤੇ ਹੋਰ ਸਿਆਸੀ ਪਾਰਟੀਆਂ ਦੀ ‘ਆਪ’ ਹੱਥੋਂ ਹੋਈ ਕਰਾਰੀ ਹਾਰ ਦੇ ਕਾਰਨਾਂ ਬਾਰੇ, ਪਿਛਲੇ ਤਿੰਨ ਹਫ਼ਤਿਆਂ ਤੋਂ ਗੰਭੀਰ ਮੰਥਨ, ਸਿਆਸੀ ਨੇਤਾਵਾਂ ’ਚ ਚੱਲੀ ਜਾ ਰਿਹਾ ਹੈ, ਪਰ ਇਕ ਨਿਵੇਕਲੇ ਅੰਦਾਜ਼ ’ਚ ਅੱਜ ਪੰਜਾਬ ਕਾਂਗਰਸ ਭਵਨ ’ਚ ਪਾਰਟੀ ਦੇ ਸੈਂਕੜੇ ਜ਼ਮੀਨੀ ਵਰਕਰਾਂ ਨੇ ਘੰਟਿਆਂਬੱਧੀ, ਚਰਚਾ ਕੀਤੀ ਅਤੇ ਭਵਿੱਖ ’ਚ ਮਾਯੂਸੀ ਤੇ ਸ਼ਰਮਨਾਕ ਹਾਰ ਦੀ ਹਾਲਤ ’ਚੋਂ ਬਾਹਰ ਆਉਣ ਦਾ ਸੁਨੇਹਾ ਦਿਤਾ।
ਪੀ.ਆਰ.ਟੀ.ਸੀ. ਦੇ ਸਾਬਕਾ ਡਾਇਰੈਕਟਰ, ਪੁਰਸ਼ੋਤਮ ਲਾਲ ਖਲੀਫ਼ਾ ਦੇ ਇਸ਼ਾਰੇ ਅਤੇ ਸਲਾਹ-ਮਸ਼ਵਰੇ ’ਤੇ ਪੰਜਾਬ ਦੇ ਅੱਡ-ਅੱਡ ਜ਼ਿਲ੍ਹਿਆਂ ਤੋਂ ਆਏ ਸੈਂਕੜੇ ਤਜਰਬੇਕਾਰ ਜ਼ਮੀਨ ਜੁੜੇ, ਪਿੰਡਾਂ-ਸ਼ਹਿਰਾਂ ਦੇ ਇਨ੍ਹਾਂ ਚਿੱਟ ਕਪੜੇ ਵਾਲੇ ਸੰਦੇਸ਼ਕਾਰਾਂ ਨੇ ਜੋਸ਼ੀਲੇ ਭਾਸ਼ਣ ਦਿਤੇ, ਸਾਬਕਾ ਮੁੱਖ ਮੰਤਰੀਆਂ ਚੰਨੀ ਤੇ ਕੈਪਟਨ ਸਮੇਤ ਸਾਬਕਾ ਪ੍ਰਧਾਨਾਂ ਤੇ ਹੋਰ ਲੀਡਰਾਂ ਦੇ ਕਿਰਦਾਰ ’ਚੋਂ ਮਿਸਾਲਾਂ ਦੇ ਕੇ ਖੂਬ ਭੰਡਿਆ ਤੇ ਸਖ਼ਤ ਆਲੋਚਨਾ ਇਹ ਕਹਿ ਕੇ ਕੀਤੀ ਕਿ ਦੇਸ਼ ਦੀ ਸੱਭ ਤੋਂ ਪੁਰਾਣੀ ਪਾਰਟੀ ਕਾਂਗਰਸ ਨੇ ਪੰਜਾਬ ’ਚ ਖ਼ੁਦ ‘ਕੁਰੱਪਸ਼ਨ ਤੇ ਕੰਮ ਨਾ ਕਰਨ’ ਦਾ ਦੋਸ਼ ਤੇ ਤੋਹਮਤ ਪਾਰਟੀ ਨੇਤਾਵਾਂ ’ਤੇ ਲੁਆ ਲਿਆ, ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਪ੍ਰਚਾਰ ਕਰਨ ਦੀ ਬਜਾਏ ਪ੍ਰਧਾਨ ਤੇ ਮੁੱਖ ਮੰਤਰੀ ਦੀ ਕੁਰਸੀ ਹਥਿਆਉਣ ਲਈ ਲੜਾਈ ਤੇ ਜੱਦੋ-ਜਹਿਦ ਜਾਰੀ ਰੱਖੀ। ਪਟਿਆਲਾ, ਮੁਹਾਲੀ, ਫ਼ਤਿਹਗੜ੍ਹ ਸਾਹਿਬ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਮੋਗਾ ਤੇ ਹੋਰ ਜ਼ਿਲ੍ਹਿਆਂ ਤੋਂ ਆਏ ਬਲਾਕ ਪੱਧਰ ’ਤੇ ਨਿਰੋਲ ਪੇਂਡੂ ਵਰਕਰਾਂ, ਨੌਜਵਾਨਾਂ ਤੇ ਬਜ਼ੁਰਗਾਂ-ਵਰਕਰਾਂ ਨੇ ਗਰਮਜੋਸ਼ੀ ’ਚ ਭਾਸ਼ਣ ਦਿੰਦਿਆਂ ਕਿਹਾ ਕਿ ਐਤਕਾਂ ਲੋਕ-ਰਵਾਇਤੀ ਪਾਰਟੀਆਂ ਤੋਂ ਸਤੇ ਹੋਏ ਸਨ, ਬਦਲਾਅ ਵਾਸਤੇ ਵੋਟਰ ਨੇ ਕੇਵਲ ਇਕੋ ਚੋਣ ਨਿਸ਼ਾਨ ‘ਝਾੜੂ’ ਵੇਖਿਆ - ਲੀਡਰ, ਉਮੀਦਵਾਰ ਕੋਈ ਵੀ ਹੋਵੇ। ਅੱਜ ਦੀ ਨਿਵੇਕਲੀ ਚਰਚਾ ’ਚ ਕਾਂਗਰਸ ਦੇ ‘‘ਟਿਕਟ ਵੰਡ ’ਚ ਕੁਰਪਸ਼ਨ, ਹਿੰਦੂ-ਸਿੱਖ-ਦਲਿਤ ’ਚ ਖ਼ਤਰਨਾਕ ਵੰਡ, ਮੁੱਖ ਮੰਤਰੀ ਚੰਨੀ ਵਲੋਂ ‘ਬਕਰੀ ਚੋਣੀ’, ਈ.ਡੀ. ਵਲੋਂ 10 ਕਰੋੜ ਨਕਦੀ ਫੜਨੀ, ਜੱਟਵਾਦ ਭਾਰੂ ਹੋਣਾ ਅਤੇ ਐਨ ਮੌਕੇ ’ਤੇ ਕਾਂਗਰਸੀ ਨੇਤਾਵਾਂ ਵਲੋਂ ‘ਬਦਲਾਅ’ ਦੀ ਹਵਾ ਨੂੰ ਖ਼ੁਦ ਤੇਜ਼ ਕਰਨਾ’ ਵਰਗੇ ਸ਼ਬਦ ਖੁਲ੍ਹ ਕੇ ਬੋਲੇ ਗਏ। ਵਰਕਰਾਂ ਨੇ ਖੂਬ ਭੜਾਸ ਕੱਢੀ ਤੇ ਕਿਹਾ ‘ਅਜੇ ਵੀ ਡੁਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ।’
ਮੌਜੂਦਾ ਹਾਲਾਤ ਬਾਰੇ, ਇਨ੍ਹਾਂ ਸੱਚੇ-ਸੁੱਚੇ ਇਮਾਨਦਾਰ ਤੇ ਮਿਹਨਤੀ ਕਾਂਗਰਸੀ ਕਾਮਿਆਂ ਨੇ ਸਲਾਹ ਦਿਤੀ ਕਿ ਪਾਰਟੀ ਹਾਈ ਕਮਾਂਡ, ਪੰਜਾਬ ਦੇ ਲੀਡਰਾਂ ’ਚ ਅਨੁਸ਼ਾਸਨ ਦਾ ਡੰਡਾ ਵਰਤੇ ਅਤੇ ਛੇਤੀ ਹੀ ਪਹਿਲਾਂ, ਵਿਧਾਨ ਸਭਾ ’ਚ ਵਿਰੋਧੀ ਧਿਰ ਤੇ ਨੇਤਾ ਵਜੋਂ ਵਿਧਾਇਕਾਂ ਪ੍ਰਤਾਪ ਬਾਜਵਾ, ਸੁੱਖ ਰੰਧਾਵਾ, ਰਾਜਾ ਵੜਿੰਗ, ਰਾਣਾ ਗੁਰਜੀਤ ’ਚੋਂ ਇਕ ਨੂੰ ਨਾਮਜ਼ਦ ਕਰੇ।
ਇਨ੍ਹਾਂ ਵਰਕਰਾਂ ਨੇ ਇਹ ਵੀ ਸਲਾਹ ਦਿਤੀ ਕਿ 2024 ’ਚ ਲੋਕ ਸਭਾ ਚੋਣਾਂ ਇਕਜੁਟ ਹੋ ਕੇ ਲੜਨ ਵਾਸਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਜਲਦ ਤੋਂ ਜਲਦ ਸੰਤੋਖ ਚੌਧਰੀ, ਰਵਨੀਤ ਬਿੱਟੂ, ਸੁਖਪਾਲ ਖਹਿਰਾ, ਤ੍ਰਿਪਤ ਬਾਜਵਾ ’ਚੋਂ ਇਕ ਨੂੰ ਥਾਪੇ।
ਉਨ੍ਹਾਂ ਕਿਹਾ ਕਿ ਨਵੇਂ ਪ੍ਰਧਾਨ ਸਿਰ ਵੱਡੀ ਜ਼ਿੰਮੇਵਾਰੀ ਹੋਣੀ ਹੈ, ਨੌਜਵਾਨ, ਜ਼ਮੀਨ ਨਾਲ ਜੁੜੇ ਵਿਅਕਤੀ ਹੀ ਕਾਂਗਰਸ ਪਾਰਟੀ ਨੂੰ ਮਾਯੂਸ ਹਾਲਾਤ ’ਚੋਂ ਕੱਢ ਸਕਦਾ ਹੈ ਅ ਤੇ ਨਵੀਂ ਦਿਸ਼ਾ ਦੇ ਸਕਦਾ ਹੈ। ਵਰਕਰਾਂ ਦਾ ਵਿਚਾਰ ਸੀ, ਪਾਰਟੀ ’ਚ ਕਈ ਵਾਰ ਉਤਰਾਅ-ਚੜ੍ਹਾਅ ਆਏ ਹਨ ਅਤੇ ਇਹ ਵੱਡੀ ਹਾਰ, ਇਕ ਵਾਰ ਫਿਰ ਮਜ਼ਬੂਤੀ ਲਿਆਏਗੀ।