
ਵਿਧਾਇਕ ਮੋਗਾ ਨੇ ਯੋਗ ਕਿਰਤੀਆਂ ਨੂੰ ਲਾਭਪਾਤਰੀ ਸਰਟੀਫ਼ੀਕੇਟ ਕੀਤੇ ਤਕਸੀਮ
ਮੋਗਾ, 30 ਅਪ੍ਰੈਲ (ਅਮਜਦ ਖ਼ਾਨ): ਪੰਜਾਬ ਸਰਕਾਰ ਕਿਰਤੀਆਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਸਰਕਾਰ ਵਲੋਂ ਪੰਜਾਬ ਲੇਬਰ ਵੈਲਫ਼ੇਅਰ ਬੋਰਡ ਤੇ ਬਿਲਡਿੰਗ ਐਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫ਼ੇਅਰ ਬੋਰਡ ਕਾਇਮ ਕੀਤੇ ਗਏ ਹਨ, ਜਿਨ੍ਹਾਂ ਅਧੀਨ ਇਨ੍ਹਾਂ ਵਰਗਾਂ ਦੀ ਭਲਾਈ ਲਈ ਬਹੁਤ ਸਾਰੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹ ਪ੍ਰਗਟਾਵਾ ਵਿਧਾਇਕ ਮੋਗਾ ਡਾ: ਹਰਜੋਤ ਕਮਲ ਨੇ ਕਿਰਤ ਵਿਭਾਗ ਮੋਗਾ ਵਲੋਂ ਸਥਾਨਕ ਗੋਪਾਲ ਗਊਸ਼ਾਲਾ ਵਿਖੇ ਕਿਰਤੀਆਂ ਦੀ ਭਲਾਈ ਲਈ ਆਯੋਜਤ 'ਕਿਰਤੀ ਦਿਵਸ ਸਮਾਗਮ' ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਰਾਜ ਕੁਮਾਰ ਗਰਗ, ਕਿਰਤ ਇੰਸਪੈਕਟਰ ਰੰਜੀਵ ਸੋਢੀ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਡਾ: ਹਰਜੋਤ ਕਮਲ ਨੇ ਸਮੂਹ ਕਿਰਤੀ ਵਰਗ ਨੂੰ ਕਿਰਤ ਦਿਵਸ ਦੇ ਮੌਕੇ 'ਤੇ ਵਧਾਈ ਦਿੰਦਿਆਂ ਉਸਾਰੀ ਕਿਰਤੀਆਂ ਨੂੰ ਆਨ-ਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਪੰਜਾਬ ਸਰਕਾਰ, ਪੰਜਾਬ ਲੇਬਰ ਵੈਲਫ਼ੇਅਰ ਬੋਰਡ ਤੇ ਬਿਲਡਿੰਗ ਐਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫ਼ੇਅਰ ਬੋਰਡ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ।
Dr. Harjot Kamal
ਉਨ੍ਹਾਂ ਦਸਿਆ ਕਿ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫ਼ੇਅਰ ਬੋਰਡ 30 ਅਪ੍ਰੈਲ 2009 ਨੂੰ ਹੋਂਦ ਵਿਚ ਆਇਆ ਸੀ ਅਤੇ ਇਸ ਦਾ ਮੁੱਖ ਉਦੇਸ਼ ਉਸਾਰੀ ਦੇ ਕੰਮਾਂ ਵਿਚ ਲੱਗੇ ਕਿਰਤੀਆਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣਾ ਅਤੇ ਉਨ੍ਹਾਂ ਦੀ ਸਿਹਤ 'ਤੇ ਕੰਮ ਦੀਆਂ ਸ਼ਰਤਾਂ ਦਾ ਖ਼ਿਆਲ ਰੱਖਣਾ ਹੈ। ਸਹਾਇਕ ਕਿਰਤ ਕਮਿਸ਼ਨਰ ਰਾਜ ਕੁਮਾਰ ਗਰਗ ਨੇ ਦਸਿਆ ਕਿ ਬੋਰਡ ਵਲੋਂ ਕਿਰਤੀਆਂ ਦੀ ਭਲਾਈ ਲਈ ਇਸ ਵੇਲੇ ਲਗਭੱਗ ਦੋ ਦਰਜਨ ਵੱਖ-ਵੱਖ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ 18 ਤੋਂ 60 ਸਾਲ ਦੀ ਉਮਰ ਦੇ ਉਸਾਰੀ ਕਿਰਤੀ ਨੂੰ ਬਤੌਰ ਲਾਭਪਾਤਰੀ ਰਜਿਸਟ੍ਰੇਸ਼ਨ ਕਰਾਉਣੀ ਅਤੇ ਆਪਣੀ ਮੈਂਬਰਸ਼ਿਪ ਜਾਰੀ ਰੱਖਣੀ ਲਾਜ਼ਮੀ ਹੈ, ਤਾਂ ਹੀ ਉਹ ਇਨ੍ਹਾਂ ਸਕੀਮਾਂ ਦਾ ਲਾਭ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਵਿਧਾਇਕ ਮੋਗਾ ਡਾ: ਹਰਜੋਤ ਕਮਲ ਵਲੋਂ ਯੋਗ ਕਿਰਤੀਆਂ ਨੂੰ ਲਾਭਪਾਤਰੀ ਸਰਟੀਫ਼ੀਕੇਟ ਵੀ ਤਕਸੀਮ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਕੋ-ਆਰਡੀਨੇਟਰ ਐਨ.ਜੀ.ਓ ਐਸ.ਕੇ. ਬਾਂਸਲ, ਚਮਨ ਲਾਲ ਗੋਇਲ, ਐਡਵੋਕੇਟ ਵਿਜੇ ਧੀਰ, ਐਨ.ਜੀ.ਓ ਆਸ਼ਾ ਅਰੋੜਾ, ਨੰਨੀ ਕਲਾ ਪ੍ਰੋਜੈਕਟ ਅਫ਼ਸਰ ਤਰਨਜੀਤ ਕੌਰ ਅਤੇ ਕਾਫ਼ੀ ਗਿਣਤੀ 'ਚ ਕਿਰਤੀ ਵਰਗ ਦੇ ਲੋਕ ਹਾਜ਼ਰ ਸਨ।