
ਫ਼ੌਜੀਆਂ ਵਾਸਤੇ ਕੰਟੀਨ ਸੇਵਾਵਾਂ ਚਾਲੂ ਕੀਤੀਆਂ ਜਾਣ : ਬ੍ਰਿਗੇ ਕਾਹਲੋਂ
ਚੰਡੀਗੜ੍ਹ, 30 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਕੋਰੋਨਾ-19 ਮਹਾਮਾਰੀ ਨਾਲ ਨਜਿੱਠਣ ਖ਼ਾਤਰ ਫ਼ੌਜ ਵਲੋਂ ਵੀ 'ਅਪ੍ਰੇਸ਼ਨ ਨਮਸਤੇ' ਸ਼ੁਰੂ ਕੀਤਾ ਗਿਆ ਹੈ। ਮਿਲਟਰੀ ਇਤਿਹਾਸ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਜਦੋਂ ਵੀ ਸਰਕਾਰ ਵਲੋਂ ਐਲਾਨੀ ਐਮਰਜੈਂਸੀ ਦੌਰਾਨ ਫ਼ੌਜ ਦੇ ਸੱਦੇ 'ਤੇ ਰੀਜ਼ਰਵਿਸਟ ਵੀ ਜੰਗ ਦੇ ਮੈਦਾਨ 'ਚ ਕੁੱਦ ਪਏ ਤੇ ਮਹੱਤਵਪੂਰਨ ਯੋਗਦਾਨ ਪਾਇਆ।
ਮੌਜੂਦਾ ਹਾਲਾਤ ਵਿਚ ਜਦੋਂ ਸੈਨਾ ਮੁਖੀ ਜਨਰਲ ਮਨੋਜ ਮੁਕੰਦ ਨਰਾਵਣੇ ਨੇ ਕੋਰੋਨਾ ਕਹਿਰ ਨਾਲ ਲੜਨ ਵਾਸਤੇ ਐਲਾਨ ਕੀਤਾ ਤਾਂ ਸਾਬਕਾ ਫ਼ੌਜੀ ਵੀ ਆਪ ਮੁਹਾਰੇ ਇਸ ਅਪ੍ਰੇਸ਼ਨ ਵਿਚ ਸ਼ਾਮਲ ਹੁੰਦੇ ਗਏ। ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਮਿਲਟਰੀ ਕੰਟੀਨਾਂ ਨੂੰ ਵੀ ਤਾਲੇ ਲਾ ਦਿਤੇ ਗਏ ਤੇ ਈ.ਸੀ.ਐਚ.ਐਸ. ਦੀਆਂ ਸੇਵਾਵਾਂ ਵੀ ਪ੍ਰਭਾਵਤ ਹੋਈਆਂ। 6 ਹਫ਼ਤਿਆਂ ਦਾ ਸਮਾਂ ਬੀਤ ਜਾਣ ਉਪਰੰਤ ਲੋੜ ਇਸ ਗੱਲ ਦੀ ਹੈ ਕਿ ਇਹ ਸੇਵਾਵਾਂ ਬਹਾਲ ਕੀਤੀਆਂ ਜਾਣ। ਇਹ ਵਿਚਾਰ ਸਰਬਹਿੰਦ ਫ਼ੌਜੀ ਭਾਈਚਾਰਾ ਪੰਜਾਬ ਬ੍ਰਿਗੇ ਕੁਲਦੀਪ ਸਿੰਘ ਕਾਹਲੋਂ ਨੇ ਪ੍ਰਗਟ ਕੀਤੇ।
ਬ੍ਰਿਗੇਡੀਅਰ ਕਾਹਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ 'ਚ ਇਹ ਵੀ ਕਿਹਾ ਕਿ ਫਿਲਹਾਲ ਕੋਰੋਨਾ ਵਾਇਰਸ ਦਾ ਖ਼ਤਰਾ ਬਣਿਆ ਰਹੇਗਾ। ਅਸੀਂ ਮਹਿਸੂਸ ਕਰਦੇ ਹਾਂ ਕਿ ਦੇਸ਼ ਦੀਆਂ ਹਥਿਆਰਬੰਦ ਫ਼ੌਜਾਂ 'ਚ ਯੋਗਦਾਨ ਪੰਜਾਬ, ਹਿਮਾਚਲ ਅਤੇ ਹਰਿਆਣਾ ਵਲੋਂ ਸੱਭ ਤੋਂ ਵਧ ਹੈ।
ਫ਼ੌਜੀ ਵਰਗ ਦੀ ਭਲਾਈ ਨੂੰ ਮੁਖ ਰਖਦਿਆਂ ਅਸੀਂ ਰਖਿਆ ਮੰਤਰੀ ਰਾਜਨਾਥਾ ਸਿੰਘ ਤੇ ਫ਼ੌਜ ਦੇ ਮੁਖੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਉਣ ਵਾਲੇ ਚੰਦ ਮਹੀਨਿਆਂ ਦਰਮਿਆਨ ਫ਼ੌਜੀਆਂ ਵਾਸਤੇ ਗਤੀਸ਼ੀਲ ਕੰਟੀਨ ਸੇਵਾਵਾਂ ਚਾਲੂ ਕੀਤੀਆਂ ਜਾਣ। ਸਾਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਡਿਸੀਪਲਨ 'ਚ ਰਹਿਣ ਵਾਲੇ ਤਾਲਾਬੰਦੀ ਨਾਲ ਜੁੜੇ ਨਿਯਮਾਂ ਦੀ ਇਨ-ਬਿਨ ਪਾਲਣਾ ਕੀਤੀ ਜਾਵੇਗੀ।