
ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂਆਂ 'ਚੋਂ ਅੱਜ ਆਏ ਪਾਜ਼ੇਟਿਵ ਮਾਮਲਿਆਂ ਕਾਰਨ ਪੰਜਾਬ ਦੀ ਸਥਿਤੀ ਇਕ ਦਮ ਚਿੰਤਾਜਨਕ ਹੋ ਗਈ ਹੈ।
ਚੰਡੀਗੜ੍ਹ, 30 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂਆਂ 'ਚੋਂ ਅੱਜ ਆਏ ਪਾਜ਼ੇਟਿਵ ਮਾਮਲਿਆਂ ਕਾਰਨ ਪੰਜਾਬ ਦੀ ਸਥਿਤੀ ਇਕ ਦਮ ਚਿੰਤਾਜਨਕ ਹੋ ਗਈ ਹੈ। ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 24 ਘੰਟਿਆਂ ਦੇ ਸਮੇਂ ਦੌਰਾਨ ਹੀ 377 ਤੋਂ ਵੱਧ ਕੇ 550 ਦੇ ਨੇੜੇ ਜਾ ਪੁੱਜਾ ਹੈ। ਸ਼ਾਮ ਤਕ ਪ੍ਰਾਪਤ ਜਾਣਕਾਰੀ ਮੁਤਾਬਕ 105 ਨਵੇਂ ਕੇਸ ਆਏ ਹਨ ਜਿਨ੍ਹਾਂ ਵਿਚ ਕੁੱਝ ਨੂੰ ਛੱਡ ਕੇ ਬਹੁਤੇ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਹੀ ਹਨ। ਦੇਰ ਰਾਤ ਤਕ ਕੁੱਲ 3613 ਯਾਤਰੂਆਂ ਦੀ ਪੰਜਾਬ ਵਾਪਸੀ ਹੋਈ ਹੈ।
ਇਨ੍ਹਾਂ ਨੂੰ ਸੂਬੇ ਦੀ ਹੱਦ 'ਤੇ ਹੀ ਰੋਕ ਕੇ ਘਰਾਂ ਦੀ ਥਾਂ ਸਿੱਧਾ ਸਰਕਾਰੀ ਪ੍ਰਬੰਧ ਹੇਠਲੇ ਇਕਾਂਤਵਾਸ ਵਿਚ ਭੇਜਿਆ ਜਾ ਰਿਹਾ ਹੈ। ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਸੈਂਪਲ ਲੈ ਕੇ ਜਾਂਚ ਲਈ ਲੈਬ ਵਿਚ ਭੇਜੇ ਜਾ ਰਹੇ ਹਨ। ਇਨ੍ਹਾਂ ਦੀਆਂ ਲਗਾਤਾਰ ਰੀਪੋਰਟਾਂ ਆ ਰਹੀਆਂ ਹਨ, ਜਿਨ੍ਹਾਂ ਨਾਲ ਅੰਕੜਾ ਲਗਾਤਾਰ ਵਧ ਰਿਹਾ ਹੈ। ਸ਼ਰਧਾਲੂਆਂ ਦੇ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਦੀ ਸ਼ੁਰੂਆਤ ਪਿਛਲੇ ਦਿਨੀਂ ਤਰਨਤਾਰਨ ਜ਼ਿਲ੍ਹੇ ਦੇ ਸੁਰ ਸਿੰਘ ਵਾਲਾ 'ਚ 5 ਕੇਸ ਪਾਜ਼ੇਟਿਵ ਆਉਣ ਨਾਲ ਹੋਈ ਸੀ। ਇਸ ਤੋਂ ਬਾਅਦ ਬਾਕੀ ਯਾਤਰੂਆਂ ਦੀ ਜਾਂਚ ਸ਼ੁਰੂ ਹੋਈ।
ਸੂਬੇ ਵਿਚ ਇਸ ਸਮੇਂ 3439 ਸੈਂਪਲਾਂ ਦੀਆਂ ਰੀਪੋਰਟਾਂ ਆਉਣੀਆਂ ਬਾਕੀ ਹਨ ਜਿਨ੍ਹਾਂ ਵਿਚ ਜ਼ਿਆਦਾ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂ ਹੀ ਹਨ। ਇਨ੍ਹਾਂ ਵਿਚ ਰਾਜਸਥਾਨ 'ਚੋਂ ਪਰਤੇ ਕੁੱਝ ਵਿਦਿਆਰਥੀ ਅਤੇ ਮਜ਼ਦੂਰ ਵੀ ਸ਼ਾਮਲ ਹਨ। ਹੁਣ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਤਾਜ਼ਾ ਅੰਕੜਿਆਂ ਤੋਂ ਬਾਅਦ ਲੁਧਿਆਣਾ ਅਤੇ ਅੰਮ੍ਰਿਤਸਰ ਜ਼ਿਲ੍ਹਾ ਵੀ ਕੋਰੋਨਾ ਹਾਟ ਸਪਾਟ ਕੇਂਦਰਾਂ ਵਿਚ ਆ ਗਏ ਹਨ। ਅੱਜ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿਚ ਹੀ ਸੱਭ ਤੋਂ ਜ਼ਿਆਦਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।
ਜਲੰਧਰ, ਮੋਹਾਲੀ, ਪਟਿਆਲਾ ਅਤੇ ਪਠਾਨਕੋਟ ਜ਼ਿਲ੍ਹੇ ਪਹਿਲਾਂ ਹੀ ਹਾਟ ਸਪਾਟ ਕੇਂਦਰ ਬਣੇ ਹੋਏ ਹਨ। ਇਸ ਸਮੇਂ ਸੱਭ ਤੋਂ ਵਧ ਪਾਜ਼ੇਟਿਵ ਕੇਸ ਜਲੰਧਰ ਜ਼ਿਲ੍ਹੇ ਵਿਚ 89 ਹੋ ਚੁੱਕੇ ਹਨ। ਇਸ ਤੋਂ ਬਾਅਦ ਜ਼ਿਲ੍ਹਾ ਮੋਹਾਲੀ ਵਿਚ 86, ਪਟਿਆਲਾ ਵਿਚ 64, ਲੁਧਿਆਣਾ ਵਿਚ 63, ਅੰਮ੍ਰਿਤਸਰ ਵਿਚ 42, ਪਠਾਨਕੋਟ 25 ਅਤੇ ਤਰਨਤਾਰਨ ਵਿਚ 15 ਮਾਮਲੇ ਪਾਜ਼ੇਟਿਵ ਹਨ।