
ਮੋਦੀ ਸਰਕਾਰ ਲਾਕਡਾਊਨ ਤੋਂ ਪਹਿਲਾਂ ਕੀਤੇ ਅਪਣੇ ਵਾਅਦੇ ਨੂੰ ਭੁੱਲੀ, ਅਕਾਲੀ ਦਲ ਪੰਜਾਬ ਹਿਤੈਸ਼ੀ ਹੋਣ ਦੀ ਥਾਂ ਕੇਂਦਰ ਨਾਲ ਖੜਾ
ਪੰਜਾਬ ਸਰਕਾਰ ਵਲੋਂ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਬਾਬਤ ਫ਼ੰਡ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਦੇ ਸਬੰਧ ਵਿਚ ਕਾਂਗਰਸ ਪਾਰਟੀ ਵਲੋਂ ਇਸ ਵਿਤਕਰੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਸ਼ਬਦੀ ਤਕਰਾਰ ਚੱਲ ਰਹੀ ਹੈ। ਸਪੋਕਸਮੈਨ ਨੇ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨਾਲ ਇਸ ਸੰਬੰਧ ਵਿਚ ਗੱਲਬਾਤ ਕੀਤੀ। ਉਨ੍ਹਾਂ ਦਸਿਆ ਕਿ ਕੇਂਦਰ ਸਰਕਾਰ ਵਲੋਂ ਹਰ ਸਾਲ ਕੁਦਰਤੀ ਆਫ਼ਤਾਂ ਲਈ ਕੇਂਦਰ ਸਰਕਾਰ ਵਲੋਂ 75% ਅਤੇ ਪੰਜਾਬ ਸਰਕਾਰ ਵਲੋਂ 25% ਫ਼ੰਡ ਜਾਰੀ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ 40 ਦਿਨਾਂ ਤੋਂ ਕਰਫ਼ੀਊ ਕਾਰਨ ਪੰਜਾਬ ਸਰਕਾਰ ਕੋਲ ਕੋਈ ਆਮਦਨ ਨਹੀਂ ਆਈ ਅਤੇ ਇਸ ਦੇ ਬਾਵਜੂਦ 6000 ਕਰੋੜ ਰੁਪਏ ਹਰ ਮਹੀਨਾ ਖ਼ਰਚ ਹੈ। ਜਿਸ ਵਿਚ ਪਾਵਰ ਕਾਰਪੋਰੇਸ਼ਨ, ਪੈਨਸ਼ਨਾਂ, ਤਨਖ਼ਾਹਾਂ ਅਤੇ ਹੋਰ ਵੱਡੇ ਖ਼ਰਚੇ ਹੋ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਦਾ ਕੇਂਦਰ ਕੋਲੋਂ 4400 ਕਰੋੜ ਰੁਪਏ ਲੈਣ ਦਾ ਹੱਕ ਹੈ। ਉਨ੍ਹਾਂ ਦਸਿਆ ਕਿ ਇਹ ਪੈਸਾ ਨਾ ਮਿਲਣ ਕਾਰਨ ਪੰਜਾਬ ਸਰਕਾਰ ਨੂੰ ਵਾਧੂ ਖ਼ਰਚੇ ਪੈ ਰਹੇ ਹਨ।
ਸੁਨੀਲ ਜਾਖੜ ਨੇ ਅਕਾਲੀ ਦਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਕਾਲੀ ਪਾਰਟੀ ਨੇ ਪੰੰਜਾਬ ਦਾ ਖ਼ਜ਼ਾਨਾ ਖ਼ਾਲੀ ਕਰ ਦਿਤਾ ਸੀ ਅਤੇ ਪੰਜਾਬ ਸਿਰ ਕਰੋੜਾਂ ਦਾ ਕਰਜ਼ਾ ਚੜ੍ਹਾ ਦਿਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਹਿਤੈਸ਼ੀ ਹੋਣ ਦੀ ਥਾਂ ਕੇਂਦਰ ਨਾਲ ਖੜਾ ਹੈ।
ਜਾਖੜ ਨੇ ਦਸਿਆ ਕਿ ਮੋਦੀ ਸਰਕਾਰ ਨੇ ਲਾਕਡਾਊਨ ਦੀ ਸ਼ਰੂਆਤ ਵਿਚ ਪੰਜਾਬ ਨੂੰ 10,800 ਟਨ ਦਾਲ ਦੇਣ ਦਾ ਵਾਅਦਾ ਕੀਤਾ ਸੀ, ਪਰ ਹੁਣ ਤਕ 2640 ਟਨ ਦਾਲ ਆਈ ਹੈ ਅਤੇ ਜਨ ਧਨ ਵਾਲੇ ਖਾਤਿਆਂ ਵਿਚ 40 ਦਿਨਾਂ ਲਈ ਸਿਰਫ਼ 500 ਰੁਪਇਆ ਪ੍ਰਤੀ ਖਾਤਾ ਆਇਆ ਹੈ। ਉਨ੍ਹਾਂ ਦਸਿਆ ਕਿ ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਰਾਸ਼ਨ ਕਾਰਡ ਧਾਰਕਾਂ ਨੂੰ 6 ਮਹੀਨੇ ਦਾ ਰਾਸ਼ਨ ਮੁਹੱਈਆ ਕਰਾ ਦਿਤਾ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਇਸ ਸੱਭ ਦੇ ਬਾਵਜੂਦ ਵੀ ਬਾਦਲ ਪ੍ਰਵਾਰ ਪੰਜਾਬ ਨਾਲ ਖੜਨ ਦੀ ਥਾਂ ਪੰਜਾਬ ਸਰਕਾਰ ਦਾ ਵਿਰੋਧ ਕਰ ਰਹੀ ਹੈ। ਅਕਾਲੀ ਦਲ ਅਤੇ ਬੀ.ਜੇ.ਪੀ. ਝੂਠ ਨਾਲ ਡੰਗ ਸਾਰ ਰਹੀ ਹੈ।
ਇਹ ਦੋਵੇਂ ਭਾਈਵਾਲ ਪਾਰਟੀਆਂ ਪੰਜਾਬ ਦੇ ਵਿਰੋਧ ਵਿਚ ਖੜੀਆਂ ਹਨ। ਉਨ੍ਹਾਂ ਅਪਣੇ ਪਿਛਲੇ ਸਮੇਂ ਦੀ ਗੱਲ ਬਿਆਨ ਕਰਦਿਆਂ ਕਿਹਾ ਕਿ ਜਦੋਂ ਕੇਂਦਰ ਵਿਚ ਕਾਂਗਰਸ ਪਾਰਟੀ ਅਤੇ ਪੰਜਾਬ ਵਿਚ ਬਾਦਲ ਦਲ ਦੀ ਸਰਕਾਰ ਸੀ ਉਦੋਂ ਅਸੀਂ 2200 ਕਰੋੜ ਦਾ ਪੈਕੇਜ ਪੰਜਾਬ ਲਈ ਲਿਆ ਸੀ, ਪਰ ਅੱਜ ਇਹ ਦੋਵੇਂ ਪਾਰਟੀਆਂ ਪੰਜਾਬ ਦੀ ਮਦਦ ਲਈ ਹੱਥ ਘੁੱਟੀ ਬੈਠੀਆਂ ਹਨ।
ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਵੱਧ ਹੱਕਾਂ ਦੀ ਮੰਗ ਨੂੰ ਹੁਣ ਭੁਲ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕੋਰੋਨਾ ਵਾਇਰਸ ਤੋਂ ਬਾਅਦ ਅਪਣੇ ਸਾਰੇ ਚੋਣ ਦਾਅਵਿਆਂ ਦੀ ਜਵਾਬਦੇਹ ਹੋਵੇਗੀ।
ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦਾ ਕੋਈ ਵੀ ਲੋੜਵੰਦ ਵਿਅਕਤੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਅਤੇ ਪੰਜਾਬ ਸਰਕਾਰ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਰਹੇਗੀ।