
ਮੁੱਲਾਂਪੁਰ ਓਮੈਕਸ ਸਿਟੀ 'ਚ ਵੀ ਇਕ ਵਿਅਕਤੀ ਕੋਰੋਨਾ ਪੋਜ਼ੇਟਿਵ
ਮੁੱਲਾਂਪੁਰ ਗ਼ਰੀਬਦਾਸ, 30 ਅਪ੍ਰੈਲ (ਰਵਿੰਦਰ ਸਿੰਘ ਸੈਣੀ): ਮੁੱਲਾਂਪੁਰ ਗ਼ਰੀਬਦਾਸ ਨਾਲ ਲਗਦੇ ਨਿਊ ਚੰਡੀਗੜ੍ਹ ਉਮੈਕਸ ਸਿਟੀ ਰਾਣੀਮਾਜਰਾ ਵਿਖੇ ਰਹਿਣ ਵਾਲੇ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ। ਜਾਣਕਾਰੀ ਅਨੁਸਾਰ ਇਹ ਵਿਅਕਤੀ ਰੂਪ ਕਿਸ਼ੋਰ (35) ਫਲੈਟ ਨੰਬਰ 688 ਐਚ ਪਹਿਲੀ ਮੰਜ਼ਲ ਉਮੈਕਸ ਸਿਟੀ ਦਾ ਰਹਿਣ ਵਾਲਾ ਹੈ ਅਤੇ ਪੀ.ਜੀ.ਆਈ. ਚੰਡੀਗੜ੍ਹ ਵਿਖੇ ਨਰਸ ਸਟਾਫ਼ ਦੀ ਡਿਊਟੀ ਨਿਭਾ ਰਿਹਾ ਹੈ।
ਐਸ.ਐਮ.ਓ. ਦਿਲਬਾਗ ਸਿੰਘ ਤੇ ਸਿਹਤ ਵਿਭਾਗ ਦੀ ਟੀਮ ਵਲੋਂ ਉਮੈਕਸ ਸਿਟੀ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ, ਜਿਸ ਉਪਰੰਤ ਰੂਪ ਕਿਸ਼ੋਰ ਦੇ ਨਾਲ ਲਗਦੇ 35 ਘਰਾਂ ਦਾ ਸਰਵੇ ਕਰ ਕੇ ਉਥੇ ਸੈਨੀਟਾਈਜ਼ਰ ਕੀਤਾ ਗਿਆ। ਇਸ ਤੋਂ ਇਲਾਵਾ 108 ਵਿਅਕਤੀਆਂ ਨੂੰ ਚੈਕ ਕੀਤਾ ਗਿਆ, ਜਿਨ੍ਹਾਂ ਵਿਚੋਂ ਕਿਸੇ ਵੀ ਵਿਅਕਤੀ ਵਿਚ ਕੋਈ ਵੀ ਲੱਛਣ ਨਹੀਂ ਪਾਏ ਗਏ ਹਨ।
ਇਸ ਮੌਕੇ ਐਸ.ਐਮ.ਓ. ਦਿਲਬਾਗ ਸਿੰਘ ਤੇ ਸਿਹਤ ਵਿਭਾਗ ਦੀ ਟੀਮ ਵਲੋਂ 21 ਦਿਨਾਂ ਤਕ ਨਾਲ ਲਗਦੇ ਫਲੈਟ ਵਾਲੇ ਲੋਕਾਂ ਨੂੰ ਘਰਾਂ ਵਿਚ ਹੀ ਇਕਾਂਤਵਾਸ ਵਿਚ ਰਖਿਆ ਗਿਆ ਹੈ। ਮੁੱਲਾਂਪੁਰ ਗ਼ਰੀਬਦਾਸ ਦੇ ਐਸ.ਐਚ.ਓ. ਹਰਮਨਪ੍ਰੀਤ ਸਿੰਘ ਚੀਮਾ ਨੇ ਇਸ ਸਬੰਧੀ ਕਿਹਾ ਕਿ ਪੁਲਿਸ ਵਲੋਂ ਸਾਰੇ ਏਰੀਏ ਨੂੰ ਸੀਲ ਕਰ ਦਿਤਾ ਗਿਆ ਹੈ ਤੇ ਪੁਲਿਸ ਮੁਲਾਜ਼ਮ ਨੂੰ ਨਿਗਰਾਨੀ ਲਈ ਤਾਇਨਾਤ ਕੀਤਾ ਗਿਆ ਹੈ, ਤਾਂ ਜੋ ਕੋਈ ਵੀ ਬਾਹਰਲਾ ਵਿਅਕਤੀ ਇਥੇ ਨਾ ਪਹੁੰਚ ਸਕੇ।