
ਸਥਾਨਕ ਫ਼ਰੀਦਕੋਟ ਸੜਕ ’ਤੇ ਨਵੇਂ ਬਣ ਰਹੇ ਰੇਲਵੇ ਪੁਲ ਤੋਂ ਦਸਮੇਸ਼ ਗਲੋਬਲ ਸਕੂਲ ਨੂੰ ਜਾਂਦੇ ਰਸਤੇ ’ਤੇ ਸਥਿਤ ਆਨੰਦ ਨਗਰ ਦੇ ਛੱਪੜ ’ਚ ਕਿਸੇ ਅਣਵਿਆਹੀ
ਕੋਟਕਪੂਰਾ, 30 ਅਪ੍ਰੈਲ (ਗੁਰਿੰਦਰ ਸਿੰਘ): ਸਥਾਨਕ ਫ਼ਰੀਦਕੋਟ ਸੜਕ ’ਤੇ ਨਵੇਂ ਬਣ ਰਹੇ ਰੇਲਵੇ ਪੁਲ ਤੋਂ ਦਸਮੇਸ਼ ਗਲੋਬਲ ਸਕੂਲ ਨੂੰ ਜਾਂਦੇ ਰਸਤੇ ’ਤੇ ਸਥਿਤ ਆਨੰਦ ਨਗਰ ਦੇ ਛੱਪੜ ’ਚ ਕਿਸੇ ਅਣਵਿਆਹੀ ਦੇ ਲੜਕੇ ਦਾ ਭਰੂਣ ਮਿਲਣ ਦੀ ਖ਼ਬਰ ਮਿਲੀ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਪਹਿਲਾਂ ਭਰੂਣ ਨੂੰ ਕਬਜੇ ’ਚ ਲਿਆ ਤੇ ਫਿਰ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਅਗਲੇਰੀ ਕਾਰਵਾਈ ਆਰੰਭ ਦਿਤੀ। ਸਥਾਨਕ ਸਿਟੀ ਥਾਣੇ ਦੇ ਸਬ ਇੰਸਪੈਕਟਰ ਜਗਪਾਲ ਸਿੰਘ ਅਤੇ ਏਐਸਆਈ ਬਲਰਾਜ ਸਿੰਘ ਨੇ ਦਸਿਆ ਕਿ ਥਾਣੇ ’ਚ ਸੂਚਨਾ ਦਿੰਦਿਆਂ ਕਿਸੇ ਨੇ ਦਸਿਆ ਕਿ ਆਨੰਦ ਨਗਰ ਦੀ ਗਲੀ ਨੰਬਰ 10 ਦੇ ਛੱਪੜ ’ਚ ਭਰੂਣ ਪਿਆ ਹੈ ਜਿਸ ਨੂੰ ਕੁੱਤੇ ਖਾ ਰਹੇ ਹਨ। ਪੁਲਿਸ ਨੇ ਸਥਾਨਕ ਸਿਵਲ ਹਸਪਤਾਲ ’ਚ ਸੰਪਰਕ ਕੀਤਾ ਤਾਂ ਡਾ. ਹਰਕੰਵਲਜੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਵਾਲੀ ਟੀਮ ਵੀ ਮੌਕੇ ’ਤੇ ਪਹੁੰਚ ਗਈ। ਡਾ. ਹਰਕੰਵਲਜੀਤ ਸਿੰਘ ਨੇ ਦਸਿਆ ਕਿ ਡਾਕਟਰਾਂ ਦੀ ਟੀਮ ਦਾ ਗਠਨ ਕਰ ਕੇ ਭਰੂਣ ਨੂੰ ਪੈਕਿੰਗ ਕਰਨ ਉਪਰੰਤ ਕਬਜੇ ’ਚ ਲੈ ਲਿਆ ਗਿਆ ਹੈ। ਇਸ ਦੇ ਟੈਸਟ ਜਾਂਚ ਲਈ ਲੈਬਾਰਟਰੀ ਨੂੰ ਭੇਜੇ ਜਾਣਗੇ, ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਥਾਣਾ ਮੁਖੀ ਰਾਜਬੀਰ ਸਿੰਘ ਸੰਧੂ ਮੁਤਾਬਕ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਫਿਲਹਾਲ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ