
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਪਟੇ 'ਤੇ ਦੇਣ ਵਾਲਾ ਭੰਡੀ ਪ੍ਰਚਾਰ ਬੰਦ ਕਰੋ : ਬਾਠ
ਨਵੀਂ ਦਿੱਲੀ, 30 ਅਪ੍ਰੈਲ (ਸੁਖਰਾਜ ਸਿੰਘ): ਦਿੱਲੀ ਗੁਰਦਵਾਰਾ ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਅਤੇ ਕਮੇਟੀ ਦੀ ਕਾਰਜਕਾਰਨੀ ਮੈਂਬਰ ਤੇ ਗੁਰਮਤਿ ਕਾਲਜ ਦੇ ਚੇਅਰਮੈਨ ਹਰਿੰਦਰਪਾਲ ਸਿੰਘ ਨੇ ਇਸ ਗੱਲ ਪ੍ਰਤੀ ਸਖ਼ਤ ਰੋਸ ਪ੍ਰਗਟ ਕੀਤਾ ਹੈ ਕਿ ਬੀਤੇ ਕੁੱਝ ਦਿਨਾਂ ਤੋਂ ਸ਼ੋਸ਼ਲ ਮੀਡੀਆ ਤੇ ਇਹ ਭੰਡੀ ਪ੍ਰਚਾਰ ਕਰਨ ਦੀ ਮੁਹਿੰਮ ਆਰੰਭ ਕੀਤੀ ਹੋਈ ਹੈ ਕਿ ਦਿੱਲੀ ਕਮੇਟੀ ਦੇ ਸਕੂਲਾਂ ਨੂੰ ਠੇਕੇ 'ਤੇ ਦਿਤਾ ਜਾ ਰਿਹਾ ਹੈ।
ਇਸ ਬਾਬਤ ਸੋਸ਼ਲ ਮੀਡੀਆ 'ਤੇ ਇਕ ਫ਼ਾਰਮ ਵੀ ਜਾਰੀ ਕੀਤਾ ਗਿਆ ਹੈ। ਇਹ ਸੱਭ ਕੁੱਝ ਦਿੱਲੀ ਦੇ ਕਰੋੜਪਤੀ ਸਿੱਖਾਂ ਵਲੋਂ ਅਪਣੇ-ਆਪ ਨੂੰ ਪੰਥ ਹਿਤੈਸ਼ੀ ਦਰਸਾਉਂਦੇ ਹੋਏ ਕੀਤਾ ਜਾ ਰਿਹਾ ਹੈ। ਕੁਲਵੰਤ ਸਿੰਘ ਬਾਠ ਨੇ ਕਿਹਾ ਕਿ ਦਿੱਲੀ ਦੀ ਸੰਗਤ ਇਨ੍ਹਾਂ ਕਰੋੜਪਤੀ ਸਿੱਖਾਂ ਦੀ ਪੈਂਤੜੇਬਾਜ਼ੀ ਤੋਂ ਚੰਗੀ ਤਰ੍ਹਾਂ ਜਾਣੂ ਹੈ। ਇਹੋ ਜਿਹੇ ਲੋਕ ਆਪਣੇ ਆਪ ਨੂੰ ਅਖੌਤੀ ਵਿਦਵਾਨ ਸਿੱਧ ਕਰਕੇ ਸਿੱਖ ਸੰਸਥਾਵਾਂ ਤੇ ਅਪਣਾ ਨਿਜੀ ਤੌਰ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ ਤੇ ਸੰਗਤ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਬਾਠ ਨੇ ਕਿਹਾ ਕਿ ਇਹ ਗੱਲ ਠੀਕ ਹੈ ਕਿ ਸਿੱਖ ਸੰਸਥਾਵਾਂ ਆਰਥਿਕ ਤੌਰ 'ਤੇ ਮੰਦੀ ਦਾ ਸ਼ਿਕਾਰ ਹੋ ਰਹੀਆਂ ਹਨ ਪਰ ਇਸ ਦੇ ਜ਼ਿੰਮੇਵਾਰ ਪਿਛਲੀਆਂ ਕਮੇਟੀਆਂ ਦੇ ਅਹੁਦੇਦਾਰ ਹਨ ਉਨ੍ਹਾਂ ਬਾਰੇ ਸੰਗਤਾਂ ਨੂੰ ਜਾਣੂ ਕਰਾਇਆ ਜਾਵੇਗਾ। ਸਿੱਖ ਸੰਸਥਾਵਾਂ ਨੂੰ ਮੁੜ ਤੋਂ ਅਪਣੇ ਪੈਰੀਂ ਖੜੇ ਕਰਨ ਲਈ ਦਿੱਲੀ ਕਮੇਟੀ ਆਪਣੇ ਪੱਧਰ ਤੇ ਪੂਰੀ ਤਰ੍ਹਾਂ ਨਾਲ ਯਤਨਸ਼ੀਲ ਹੈ ਤੇ ਇਸ ਦੇ ਨਤੀਜੇ ਛੇਤੀ ਹੀ ਸੰਗਤਾਂ ਦੇ ਸਾਹਮਣੇ ਆ ਜਾਣਗੇ। ਦਿੱਲੀ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਨੇ ਵੀ ਇਸ ਗੱਲ ਦੀ ਪ੍ਰੋੜ੍ਹਤਾ ਕੀਤੀ ਕਿ ਗੁਰਦਵਾਰਾ ਕਮੇਟੀ ਵਲੋਂ ਕਿਸੇ ਵੀ ਸਿੱਖ ਵਿੱਦਿਅਕ ਅਦਾਰੇ ਨੂੰ ਠੇਕੇ ਤੇ ਨਹੀਂ ਦਿਤਾ ਜਾ ਰਿਹਾ ਹੈ।
ਗੁਰਮਤਿ ਕਾਲਜ ਦੇ ਚੇਅਰਮੈਨ ਹਰਿੰਦਰਪਾਲ ਸਿੰਘ ਦਾ ਮੰਨਣਾ ਹੈ ਕਿ ਦਿੱਲੀ ਦੇ ਇਹ ਧਨਾਢ ਸਿੱਖ ਸ਼ਾਇਦ ਇਸ ਗੱਲ ਤੋਂ ਬਿਲਕੁਲ ਅਣਜਾਣ ਹਨ ਕਿ ਦਿੱਲੀ ਗੁਰਦਵਾਰਾ ਕਮੇਟੀ 'ਪਾਰਲੀਮੈਂਟ ਐਕਟ' ਦੇ ਅਨੁਸਾਰ ਹੋਂਦ ਵਿਚ ਆਈ ਹੈ। ਕਮੇਟੀ ਕਿਸੇ ਵੀ ਸਿੱਖ ਸੰਸਥਾ ਨੂੰ ਲੀਜ 'ਤੇ ਨਹੀਂ ਦੇ ਸਕਦੀ। ਇਸ ਲਈ ਇਹ ਸਿੱਖ ਕੂੜ ਪ੍ਰਚਾਰ ਕਰਨ ਤੋਂ ਬਾਜ਼ ਆਉਣ।
ਉਨ੍ਹਾਂ ਨੇ ਕਿਹਾ ਕਿ ਆਪਣੇ-ਆਪ ਨੂੰ ਇਨ੍ਹਾਂ ਧਨਾਢ ਸਿੱਖਾਂ ਵੱਲੋਂ ਨਿਜੀ ਤੌਰ 'ਤੇ ਵੱਖਰੀ ਕਲਾਸ ਦਾ ਮੰਨਿਆ ਜਾਂਦਾ ਹੈ ਤੇ ਉਨ੍ਹਾਂ ਵੱਲੋਂ ਸਿੱਖਾਂ ਵਿੱਚ ਬ੍ਰਾਹਮਣਵਾਦੀ ਵਿਚਾਰਧਾਰਾ ਰਾਹੀਂ ਜਿਹੜੀਆਂ ਵੰਡੀਆਂ ਪਾਉਣੀਆਂ ਸ਼ੁਰੂ ਕੀਤੀਆਂ ਹਨ, ਨੂੰ ਦਿੱਲੀ ਦੀ ਸੰਗਤ ਆਪਣਾ ਸਮੱਰਥਨ ਕਦੇ ਵੀ ਨਹੀਂ ਦੇਵੇਗੀ। ਹਰਿੰਦਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਸ ਸਬੰਧੀ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨਾਲ ਗੱਲਬਾਤ ਹੋਈ ਹੈ ਤੇ ਉਨ੍ਹਾਂ ਨੇ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਕਰ ਦਿਤੀ ਕਿ ਦਿੱਲੀ ਕਮੇਟੀ ਕਿਸੇ ਵੀ ਸੰਸਥਾ ਨੂੰ ਲੀਜ ਤੇ ਨਹੀਂ ਦੇ ਰਹੀ ਹੈ।