ਲਗਾਤਾਰ 3 ਫ਼ਸਲਾਂ ਖ਼ਰਾਬ ਹੋਣ ਕਾਰਨ ਰਹਿੰਦਾ ਸੀ ਪ੍ਰੇਸ਼ਾਨ
ਬੱਲੂਆਣਾ : ਵਿਧਾਨਸਭਾ ਹਲਕਾ ਬੱਲੂਆਣਾ ਦੇ ਪਿੰਡ ਬਹਾਵਲ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿਥੇ ਇਕ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਰਾਮਪਾਲ ਵਜੋਂ ਹੋਈ ਹੈ। ਇਸ ਮੌਕੇ ਮ੍ਰਿਤਕ ਦੇ ਪੁੱਤਰ ਅਰਵਿੰਦ ਨੇ ਦਸਿਆ ਕਿ ਉਨ੍ਹਾਂ ਦੀਆਂ ਲਗਾਤਾਰ ਤਿੰਨ ਫ਼ਸਲਾਂ ਖ਼ਰਾਬ ਹੋ ਗਈਆਂ ਸਨ।
ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ ਕੁਦਰਤੀ ਆਫ਼ਤਾਂ ਕਾਰਨ ਪਹਿਲਾਂ ਸਰ੍ਹੋਂ ਫਿਰ ਕਪਾਹ ਅਤੇ ਹੁਣ ਕਣਕ ਦੀ ਫ਼ਸਲ ਵੀ ਨੁਕਸਾਨੀ ਗਈ ਹੈ। ਕਿਸਾਨ ਠੇਕੇ 'ਤੇ ਪੈਲੀ ਲੈ ਕੇ ਵਾਹੀ ਕਰਦਾ ਸੀ। ਇੰਨਾ ਨੁਕਸਾਨ ਹੋਣ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ ਜਿਸ ਦੇ ਚਲਦੇ ਬੀਤੀ ਰਾਤ ਕਰੀਬ 9 ਵਜੇ ਕਿਸਾਨ ਰਾਮਪਾਲ ਨੇ ਜ਼ਹਿਰੀਲੀ ਦਵਾਈ ਪੀ ਲਈ।
ਇਹ ਵੀ ਪੜ੍ਹੋ: ਪੰਜ ਸਾਲਾ ਬੱਚੀ ਨੇ ਬਣਾਇਆ ਰਿਕਾਰਡ, ਫ਼ਤਹਿ ਕੀਤੀ 13,000 ਫੁੱਟ ਉੱਚੀ ਚੰਦਰਸ਼ਿਲਾ ਚੋਟੀ
ਅਰਵਿੰਦ ਨੇ ਦਸਿਆ ਕਿ ਉਹ ਆਪਣੇ ਪਿਤਾ ਰਾਮਪਾਲ ਨੂੰ ਤੁਰਤ ਹਸਪਤਾਲ ਲੈ ਕੇ ਗਏ ਪਰ ਉਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਉਨ੍ਹੇ ਦੱਸਿਆ ਕਿ 20 ਮਈ ਨੂੰ ਉਸ ਦਾ ਵਿਆਹ ਵੀ ਰਖਿਆ ਹੋਇਆ ਹੈ। ਫ਼ਸਲ ਦੇ ਨੁਕਸਾਨ ਅਤੇ ਆਰਥਿਕ ਤੰਗੀ ਕਾਰਨ ਕਿਸਾਨ ਨੇ ਇਹ ਕਦਮ ਚੁਕਿਆ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਨੇ ਦਸਿਆ ਕਿ ਦੇਹ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਰਖਵਾਇਆ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਧਰ ਪ੍ਰਵਾਰ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੀੜਤ ਪ੍ਰਵਾਰ ਦੀ ਮਦਦ ਕੀਤੀ ਜਾਵੇ।