ਲੱਕੀ ਸੰਧੂ ਦੀ ਭਾਲ 'ਚ ਪੁਲਸ ਪਿਛਲੇ ਕੁਝ ਦਿਨਾਂ ਤੋਂ ਛਾਪੇਮਾਰੀ ਕਰ ਰਹੀ ਸੀ।
ਲੁਧਿਆਣਾ - ਪੰਜਾਬ ਦੇ ਲੁਧਿਆਣਾ 'ਚ ਕਾਰੋਬਾਰੀਆਂ ਨੂੰ ਫਸਾਉਣ ਵਾਲੀ ਜਸਨੀਤ ਕੌਰ ਦੇ ਸਾਥੀ ਲੱਕੀ ਸੰਧੂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਲੱਕੀ ਸੰਧੂ ਹਲਕਾ ਸਾਹਨੇਵਾਲ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਹਨ। ਉਸ 'ਤੇ ਜਸਨੀਤ ਕੌਰ ਨੂੰ ਮੋਹਰਾ ਬਣਾਉਣ ਅਤੇ ਗੈਂਗਸਟਰਾਂ ਰਾਹੀਂ ਲੋਕਾਂ ਨੂੰ ਧਮਕਾਉਣ ਦਾ ਦੋਸ਼ ਹੈ।
ਲੱਕੀ ਸੰਧੂ ਦੀ ਭਾਲ 'ਚ ਪੁਲਸ ਪਿਛਲੇ ਕੁਝ ਦਿਨਾਂ ਤੋਂ ਛਾਪੇਮਾਰੀ ਕਰ ਰਹੀ ਸੀ।
ਇਸ ਦੌਰਾਨ ਲੱਕੀ ਸੰਧੂ ਨੇ ਸੋਸ਼ਲ ਮੀਡੀਆ 'ਤੇ ਆਪਣੀ ਗੱਲ ਰੱਖੀ ਸੀ। ਲੱਕੀ ਸੰਧੂ ਨੇ ਦੱਸਿਆ ਸੀ ਕਿ ਇਸ ਤੋਂ ਪਹਿਲਾਂ 2022 'ਚ ਵੀ ਉਹ ਇਸੇ ਲੜਕੀ ਨਾਲ ਮੋਹਾਲੀ ਥਾਣੇ 'ਚ ਨਾਮਜ਼ਦ ਹੋਇਆ ਸੀ। ਹਾਲਾਂਕਿ ਇਸ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਸਮੇਂ 3 ਸੀਨੀਅਰ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕੀਤੀ ਸੀ। ਦੱਸ ਦਈਏ ਕਿ ਲੱਕੀ ਸੰਧੂ ਇੱਕ ਸੀਨੀਅਰ ਭਾਜਪਾ ਆਗੂ ਦੀ ਸ਼ਰਨ ਵਿਚ ਚਲਾ ਗਿਆ ਸੀ। ਜਿਸ ਕਾਰਨ ਪੁਲਸ ਨੇ ਕਈ ਦਿਨਾਂ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਪਰ ਹੁਣ ਆਖਰ ਪੁਲਸ ਨੂੰ ਉਸ ਨੂੰ ਗ੍ਰਿਫ਼ਤਾਰ ਕਰਨਾ ਪਿਆ।
ਲੱਕੀ ਸੰਧੂ ਨੇ ਥਾਣਾ ਮਾਡਲ ਟਾਊਨ 'ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦੱਸਿਆ ਕਿ ਥਾਣੇਦਾਰ ਵੱਲੋਂ ਕਾਬੂ ਕੀਤੀ ਗਈ ਲੜਕੀ ਨੂੰ ਕੋਰੇ ਕਾਗਜ਼ ’ਤੇ ਦਸਤਖ਼ਤ ਕਰਵਾਉਣ ਲਈ ਮਜਬੂਰ ਕੀਤਾ ਗਿਆ। ਉਸ ਕੁੜੀ ਤੋਂ ਇਹ ਲਿਖਵਾਇਆ ਜਾ ਰਿਹਾ ਹੈ ਕਿ ਲੱਕੀ ਸੰਧੂ ਦੇ ਗੈਂਗਸਟਰਾਂ ਨਾਲ ਸਬੰਧ ਹਨ। ਲੱਕੀ ਸੰਧੂ ਨੇ ਕਿਹਾ ਕਿ ਭਾਵੇਂ ਸਰਕਾਰ ਮੇਰੇ 'ਤੇ 50 ਪਰਚੇ ਦਰਜ ਕਰ ਦੇਵੇ ਪਰ ਉਹ ਪਰਚੇ ਤੋਂ ਡਰਨ ਵਾਲਾ ਨਹੀਂ ਹੈ।