
ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ. ਸੁਰਜੀਤ ਸਿੰਘ ਨੇ ਪ੍ਰੈਸ ਨੂੰ ਦਸਿਆ ਕਿ ਨਸ਼ਿਆਂ ਵਿਰੁਧ ਆਰੰਭ ਕੀਤੀ ਵਿਸ਼ੇਸ਼ ਮੁਹਿੰਮ ਦੌਰਾਨ ਰੁਪਿੰਦਰ ਕੁਮਾਰ ਭਾਰਦਵਾਜ...
ਜਗਰਾਉਂ: ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ. ਸੁਰਜੀਤ ਸਿੰਘ ਨੇ ਪ੍ਰੈਸ ਨੂੰ ਦਸਿਆ ਕਿ ਨਸ਼ਿਆਂ ਵਿਰੁਧ ਆਰੰਭ ਕੀਤੀ ਵਿਸ਼ੇਸ਼ ਮੁਹਿੰਮ ਦੌਰਾਨ ਰੁਪਿੰਦਰ ਕੁਮਾਰ ਭਾਰਦਵਾਜ ਐਸ.ਪੀ (ਇਨਵੈਸਟੀਗੇਸ਼ਨ) ਦੇ ਨਿਰਦੇਸ਼ 'ਤੇ ਅਮਨਦੀਪ ਸਿੰਘ ਡੀ.ਐਸ.ਪੀ (ਇੰਨ:) ਦੀ ਨਿਗਰਾਨੀ ਹੇਠ ਇੰਸਪੈਕਟਰ ਲਖਵੀਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਜਗਰਾਉਂ ਨੂੰ ਗੁਪਤ ਸੂਚਨਾ ਮਿਲੀ ਕਿ ਟਰੱਕ ਡਰਾਈਵਰ ਜੋ ਮੰਡੀ ਰੂਪੇਵਾਲ (ਸ਼ਾਹਕੋਟ) ਤੋਂ ਤਰਬੂਜ਼ ਅਤੇ ਖਰਬੂਜੇ ਜੰਮੂ ਅਤੇ ਕਸ਼ਮੀਰ ਲੈ ਕੇ ਜਾਂਦੇ ਹਨ,
ਜੋ ਵਾਪਸੀ 'ਤੇ ਜੰਮੂ-ਕਸ਼ਮੀਰ ਤੋਂ ਮੌਸਮੀ ਫਲ ਲੈ ਕੇ ਆਉਂਦੇ ਹਨ ਅਤੇ ਫਲਾਂ ਦੀ ਆੜ ਵਿਚ ਛੋਟੇ ਪੈਕਟਾਂ 'ਚ ਭੁੱਕੀ ਚੂਰਾ ਪੋਸਤ ਇੰਜਣ ਦੇ ਥੱਲੇ ਅਤੇ ਸਾਊਂਡ ਸਿਸਟਮ (ਬੂਫ਼ਰ) ਵਿਚ ਲੁਕਾ ਕੇ ਪੰਜਾਬ ਵਿਚ ਗਾਹਕਾਂ ਨੂੰ ਕੇ ਵੇਚਦੇ ਹਨ ਜਿਨ੍ਹਾਂ 'ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਸੀ। ਅੱਜ ਇਨ੍ਹਾਂ ਦਾ ਪਿੱਛਾ ਕਰ ਕੇ ਇਨ੍ਹਾਂ ਕੋਲੋਂ ਭੁੱਕੀ ਚੂਰਾ ਪੋਸਤ ਬਰਾਮਦ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਏ.ਐਸ.ਆਈ. ਨਿਰਮਲ ਸਿੰਘ ਸਮੇਤ ਸੀ.ਆਈ.ਏ. ਜਗਰਾਉਂ ਦੀ ਪੁਲਿਸ ਪੁਲ ਨਹਿਰ ਜਨੇਤਪੁਰਾ ਮੌਜੂਦ ਸੀ ਤਾਂ ਸਿੱਧਵਾਂ ਬੇਟ ਵਲੋਂ ਇਕ ਗੱਡੀ ਮਾਰਕਾ ਟਾਟਾ-1109 ਪੀ.ਬੀ-29 ਐਨ-9144 ਆਈ ਜਿਸ ਨੂੰ ਪੁਲਿਸ ਨੇ ਰੋਕਿਆ। ਗੱਡੀ ਦੇ ਡਰਾਈਵਰ ਨੇ ਅਪਣਾ ਨਾਮ ਰਣਜੀਤ ਸਿੰਘ ਉਰਫ਼ ਮਨੀ ਵਾਸੀ ਸਿੱਧਵਾਂ ਕਲਾਂ ਦਸਿਆ।
ਗੱਡੀ ਦੀ ਤਲਾਸ਼ੀ ਦੌਰਾਨ 20 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਸਿੱਧਵਾਂ ਬੇਟ 'ਚ ਕੇਸ ਦਰਜ ਕਰ ਲਿਆ। ਰਣਜੀਤ ਸਿੰਘ ਉਰਫ਼ ਮਨੀ ਹਰ ਵਾਰੀ 20 ਤੋਂ 80 ਕਿਲੋ ਭੁੱਕੀ ਚੂਰਾ ਪੋਸਤ ਲਿਆਉਂਦਾ ਸੀ। ਉਹ ਸੱਤਵੀਂ ਵਾਰ ਜੰਮੂ ਕਸ਼ਮੀਰ ਤੋਂ ਭੁੱਕੀ ਚੂਰਾ ਪੋਸਤ ਲੈ ਕੇ ਆਇਆ ਹੈ।
ਏ.ਐਸ.ਆਈ ਗੁਰਸੇਵਕ ਸਿੰਘ ਇੰਚਾਰਜ ਪੁਲਿਸ ਚੌਕੀ ਗਾਲਿਬ ਕਲਾਂ ਸਮੇਤ ਪੁਲਿਸ ਪਾਰਟੀ ਪੁਲ ਸੂਆ ਪਿੰਡ ਸ਼ੇਰਪੁਰਾ ਕਲਾਂ ਮੌਜੂਦ ਸੀ ਤਾਂ ਪਿੰਡ ਲੀਲਾਂ ਮੇਘ ਸਿੰਘ ਵਲੋਂ ਇਕ ਗੱਡੀ ਮਾਰਕਾ ਪੀ.ਬੀ 02 ਸੀ.ਸੀ-8753 ਆਈ ਜਿਸ ਨੂੰ ਪੁਲਿਸ ਨੇ ਰੋਕ ਕੇ ਗੱਡੀ ਦੇ ਡਰਾਈਵਰ ਦਾ ਨਾਮ ਪਤਾ ਪੁੱਛਣ 'ਤੇ ਉਸ ਨੇ ਅਪਣਾ ਨਾਮ ਲਵਜੀਤ ਸਿੰਘ ਵਾਸੀ ਸ਼ੇਰਪੁਰ ਕਲਾਂ ਦਸਿਆ। ਗੱਡੀ ਦੀ ਤਲਾਸ਼ੀ ਕਰਨ 'ਤੇ 20 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਥਾਣਾ ਸਦਰ ਜਗਰਾਉਂ 'ਚ ਮਾਮਲਾ ਦਰਜ ਕਰ ਲਿਆ। ਉਹ ਛੇਵੀਂ ਵਾਰ ਜੰਮੂ ਕਸ਼ਮੀਰ ਤੋਂ ਭੁੱਕੀ ਚੂਰਾ ਪੋਸਤ ਲੈ ਕੇ ਆਇਆ ਹੈ।
ਇਸੇ ਤਰ੍ਹਾਂ ਏ.ਐਸ.ਆਈ. ਚਮਕੌਰ ਸਿੰਘ ਸਮੇਤ ਪੁਲਿਸ ਪਾਰਟੀ ਪੁਲ ਸਿੱਧਵਾਂ ਬੇਟ ਮੌਜੂਦ ਸੀ। ਜਦੋਂ ਪੁਲਿਸ ਵਾਹਨਾਂ ਦੀ ਜਾਂਚ ਕਰ ਰਹੀ ਸੀ ਤਾਂ ਸਿੱਧਵਾਂ ਬੇਟ ਵਲੋਂ ਇਕ ਗੱਡੀ ਕੈਂਟਰ ਨੰਬਰ ਪੀ.ਬੀ 04 ਏ.ਏ-2304 ਆਈ ਜਿਸ ਨੂੰ ਪੁਲਿਸ ਨੇ ਰੋਕ ਕੇ ਗੱਡੀ ਦੇ ਡਰਾਈਵਰ ਦਾ ਨਾਮ ਪਤਾ ਪੁੱਛਣ 'ਤੇ ਉਸ ਨੇ ਅਪਣਾ ਨਾਮ ਗੁਰਪ੍ਰੀਤ ਸਿੰਘ ਵਾਸੀ ਸ਼ੇਖਦੌਲਤ ਦਸਿਆ। ਗੱਡੀ ਦੀ ਤਲਾਸ਼ੀ ਦੌਰਾਨ 20 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ ਜਿਸ ਨੂੰ ਗ੍ਰਿਫ਼ਤਾਰ ਕਰ ਕੇ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਸਿੱਧਵਾਂ ਬੇਟ 'ਚ ਕੇਸ ਦਰਜ ਕੀਤਾ ਗਿਆ। ਉਹ ਚੌਥੀ ਵਾਰੀ ਜੰਮੂ ਕਸ਼ਮੀਰ ਤੋਂ ਭੁੱਕੀ ਚੂਰਾ ਪੋਸਤ ਲੈ ਕੇ ਆਇਆ ਹੈ।
ਇਸੇ ਤਰ੍ਹਾਂ ਏ.ਐਸ.ਆਈ. ਬਲਦੇਵ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਵਹੀਕਲਾਂ ਦੀ ਚੈਕਿੰਗ ਸਬੰਧੀ ਲੰਡੇ ਫਾਟਕ ਜਗਰਾਉਂ ਮੌਜੂਦ ਸੀ। ਇਸ ਦੌਰਾਨ ਦਾਣਾ ਮੰਡੀ ਵਲੋਂ ਇਕ ਗੱਡੀ ਮਾਰਕਾ ਅਸ਼ੋਕ ਲੇਲੈਂਡ-1214 ਨੰਬਰ ਪੀ.ਬੀ-29 ਐਕਸ 1342 ਆਈ ਜਿਸ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਗੱਡੀ ਰੋਕ ਕੇ ਭੱਜਣ ਲੱਗਾ ਜਿਸ ਨੂੰ ਪੁਲਿਸ ਨੇ ਕਾਬੂ ਕੀਤਾ। ਨਾਮ ਪਤਾ ਪੁੱਛਣ 'ਤੇ ਉਸ ਨੇ ਅਪਣਾ ਨਾਮ ਜਸਵਿੰਦਰ ਸਿੰਘ ਵਾਸੀ ਅਗਵਾੜ ਲੋਪੋ ਥਾਣਾ ਸਿਟੀ ਜਗਰਾਉਂ ਦਸਿਆ। ਤਲਾਸ਼ੀ ਦੌਰਾਨ ਉਸ ਕੋਲੋਂ 5 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ।
ਮੁਲਜ਼ਮ ਜਸਵਿੰਦਰ ਸਿੰਘ ਨੂੰ ਗੱਡੀ ਸਮੇਤ ਗ੍ਰਿਫ਼ਤਾਰ ਕਰ ਲਿਆ ਤੇ ਉਸ ਵਿਰੁਧ ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਜਗਰਾਉਂ 'ਚ ਕੇਸ ਦਰਜ ਕੀਤਾ ਗਿਆ। ਉਹ ਦੂਜੀ ਵਾਰ ਜੰਮੂ ਕਸ਼ਮੀਰ ਤੋਂ ਭੁੱਕੀ ਚੂਰਾ ਪੋਸਤ ਲੈ ਕੇ ਆਇਆ ਹੈ। ਐਸ.ਐਸ.ਪੀ. ਸੁਰਜੀਤ ਸਿੰਘ ਨੇ ਦਸਿਆ ਕਿ ਰਣਜੀਤ ਸਿੰਘ ਉਰਫ਼ ਮਨੀ, ਲਵਜੀਤ ਸਿੰਘ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 65 ਕਿਲੋਗ੍ਰਾਮ ਭੁੱਕੀ ਚੂਰਾ ਪਸਤ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਹੋਰ ਪੁਤਗਿਛ ਕੀਤੀ ਜਾਵੇਗੀ।