
ਸੁਖਬੀਰ ਬਾਦਲ ਬਿਜਲੀ ਬਿਲਾਂ ਦੇ ਮਾਮਲੇ ਉਤੇ ਸਿਆਸੀ ਡਰਾਮੇਬਾਜ਼ੀ ਬੰਦ ਕਰੇ: ਬੂਟਾ ਸਿੰਘ
ਚੰਡੀਗੜ੍ਹ, 31 ਮÎਈ (ਗੁਰਉਪਦੇਸ਼ ਭੁੱਲਰ): ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਵਲੋਂ ਦਿਤੇ ਦੋ-ਰੋਜ਼ਾ ਵਿਰੋਧ ਪ੍ਰਦਰਸ਼ਨ ਦੇ ਸੱਦੇ ਦੌਰਾਨ ਦੂਜੇ ਦਿਨ ਵੀ ਪੰਜਾਬ ਭਰ ਵਿਚ ਵੱਖ-ਵੱਖ ਥਾਵਾਂ ਉਤੇ ਪਾਵਰ-ਕਾਰਪੋਰੇਸ਼ਨ ਦਫ਼ਤਰਾਂ ਅੱਗੇ ਅਰਥੀ-ਫੂਕ ਮੁਜਾਹਰੇ ਕੀਤੇ ਗਏ। ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਿਲਾਂ ਸਬੰਧੀ ਸਪੱਸ਼ਟੀਕਰਨ ਕਰਨ ਦਿਤੇ ਜਾਣ ਉਪਰੰਤ ਵੀ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਰਿਹਾ। ਕਿਸਾਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਿਆਂਦੇ ਬਿਜਲੀ-ਐਕਟ-2020 ਨੂੰ ਕਿਸਾਨ-ਵਿਰੋਧੀ ਦਸਦਿਆਂ ਤੁਰਤ ਰੱਦ ਕਰਨ ਦੀ ਮੰਗ ਕੀਤੀ।
ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ , ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਸੁਖਬੀਰ ਬਾਦਲ ਬਿਜਲੀ ਬਿਲਾਂ ਦੇ ਮਾਮਲੇ ਉਤੇ ਸਿਆਸੀ ਡਰਾਮੇਬਾਜ਼ੀ ਬੰਦ ਕਰ ਕੇ ਕਿਉਂਕਿ ਅਕਾਲੀ-ਭਾਜਪਾ ਸਰਕਾਰ ਵੇਲੇ ਵੀ ਸੁਖਬੀਰ-ਕਾਲੀਆ ਕਮੇਟੀ ਦੀ ਰੀਪੋਰਟ ਰਾਹੀਂ ਖੇਤੀਬਾੜੀ ਮੋਟਰਾਂ ਦੇ ਬਿਜਲੀ ਬਿਲ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਭਾਵੇਂ ਕਿ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਕਾਰਨ ਤਤਕਾਲੀ ਸਰਕਾਰ ਨੇ ਫ਼ੈਸਲਾ ਵਾਪਸ ਲੈ ਲਿਆ ਸੀ।
File Photo
ਹੁਣ ਵੀ ਅਕਾਲੀ ਦਲ ਕੇਂਦਰ ਦੀ ਭਾਜਪਾ ਸਰਕਾਰ ਵਿਚ ਭਾਈਵਾਲ ਹੈ ਅਤੇ ਕੇਂਦਰ ਸਰਕਾਰ ਹੀ ਰਾਜਾਂ ਨੂੰ ਬਿਜਲੀ-ਬਿਲ ਲਾਗੂ ਕਰਨ ਦੀਆਂ ਸਿਫ਼ਾਰਸ਼ਾਂ ਕਰ ਰਹੀ ਹੈ, ਬਿਜਲੀ-ਐਕਟ-2020 ਰਾਹੀਂ ਵੀ ਬਿਜਲੀ ਸੈਕਟਰ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਪ੍ਰੰਤੂ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਕੇਂਦਰ ਸਰਕਾਰ ਦੇ ਇਨ੍ਹਾਂ ਫ਼ੈਸਲਿਆਂ ਵਿਰੁਧ ਇਕ ਵੀ ਸ਼ਬਦ ਨਹੀਂ ਬੋਲ ਰਹੇ, ਸਗੋਂ ਸਿਆਸੀ ਡਰਾਮੇਬਾਜ਼ੀ ਕਰ ਕੇ ਪੰਜਾਬ ਦੇ ਲੋਕਾਂ ਨੂੰ ਭਰਮਾਉਣਾ ਚਾਹੁੰਦੇ ਹਨ, ਪਰ ਪੰਜਾਬ ਦੇ ਲੋਕ ਜਾਣਦੇ ਹਨ
ਕਿ ਅਕਾਲੀ-ਭਾਜਪਾ ਸਰਕਾਰ ਨੇ ਵੀ ਕਾਂਗਰਸ ਸਰਕਾਰਾਂ ਵਾਂਗ ਕਿਸਾਨੀ ਨੂੰ ਬਰਬਾਦ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ।
ਪਟਿਆਲਾ, ਲੁਧਿਆਣਾ, ਬਰਨਾਲਾ, ਸੰਗਰੂਰ, ਬਠਿੰਡਾ, ਰਾਮਪੁਰਾ, ਸਿਧਵਾਂ ਬੇਟ, ਜਗਰਾਉਂ ਸਮੇਤ ਵੱਖ-ਵੱਖ ਥਾਵਾਂ ਉਤੇ ਕੀਤੇ ਅਰਥੀ-ਫੂਕ ਮੁਜ਼ਾਹਰਿਆਂ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਗੁਰਦੀਪ ਸਿੰਘ ਰਾਮਪੁਰਾ, ਬਲਦੇਵ ਸਿੰਘ ਭਾਈਰੂਪਾ, ਰਾਮ ਸਿੰਘ ਮਟੋਰੜਾ ਆਦਿ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨ-ਮਾਰੂ ਫ਼ੈਸਲੇ ਲੈਣ ਤੋਂ ਬਾਜ ਆਉਣ, ਨਹੀਂ ਤਾਂ ਤਿੱਖੇ-ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਜਥੇਬੰਦੀ ਵੱਲੋਂ ਵੱਖ-ਵੱਖ ਮਸਲਿਆਂ ਉਤੇ ਚਰਚਾ ਕਰਨ ਲਈ ਅੱਜ 1 ਜੂਨ ਨੂੰ ਸੂਬਾ-ਕਮੇਟੀ ਦੀ ਮੀਟਿੰਗ ਸੱਦ ਲਈ ਹੈ।